ਕੁਰੂਕਸ਼ੇਤਰ : ਸਨਿੱਚਰਵਾਰ ਇੱਥੇ ਮਹਾਂਯੱਗ ਦੌਰਾਨ ਸੁਰੱਖਿਆ ਗਾਰਡ ਦੀ ਗੋਲੀ ਦਾ ਸ਼ਿਕਾਰ ਹੋਏ ਨਾਬਾਲਗ ਮੁੰਡੇ ਦੀ ਸ਼ਿਕਾਇਤ ’ਤੇ ਪੁਲਸ ਨੇ ਐਤਵਾਰ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ। ਯੱਗ ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ਵਿੱਚ ਤ੍ਰੀਪੁਰਾ ਸ਼ਕਤੀ ਪੀਠ ਮਨੀਕੁਟ ਦੇ ਸ੍ਰੀ ਸ੍ਰੀ 1008 ਸਵਾਮੀ ਹਰੀ ਓਮ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਬ੍ਰਾਹਮਣਾਂ ਦਾ ਇਕ ਵੱਡਾ ਸਮੂਹ 18 ਤੋਂ 27 ਮਾਰਚ ਤੱਕ ਆਯੋਜਿਤ ਹੋਣ ਵਾਲੇ ਸਮਾਗਮ ਵਿੱਚ ਰਸਮਾਂ ਕਰਨ ਲਈ ਪਹੁੰਚਿਆ ਹੋਇਆ ਹੈ। ਪੁਲਸ ਨੇ ਕਿਹਾ ਕਿ ਸਨਿੱਚਰਵਾਰ ਨੂੰ ਝਗੜਾ ਉਦੋਂ ਹੋਇਆ, ਜਦੋਂ ਕੁਝ ਬ੍ਰਾਹਮਣਾਂ ਨੇ ਪਰੋਸੇ ਜਾ ਰਹੇ ਭੋਜਨ ਦੀ ਮਾੜੀ ਗੁਣਵੱਤਾ ਦੀ ਸ਼ਿਕਾਇਤ ਕੀਤੀ। ਇੱਕ ਅਣਪਛਾਤੇ ਸੁਰੱਖਿਆ ਗਾਰਡ ਨੇ ਕਥਿਤ ਤੌਰ ’ਤੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਲਖਨਊ ਦਾ 16 ਸਾਲਾ ਆਸ਼ੀਸ਼ ਕੁਮਾਰ ਜ਼ਖਮੀ ਹੋ ਗਿਆ। ਇਸ ਉਪਰੰਤ ਗੁੱਸੇ ਵਿੱਚ ਆਏ ਬ੍ਰਾਹਮਣਾਂ ਨੇ ਸਮਾਗਮ ਦੇ ਪੋਸਟਰਾਂ ਦੀ ਭੰਨਤੋੜ ਤੇ ਪੱਥਰਬਾਜ਼ੀ ਦੇ ਨਾਲ-ਨਾਲ ਕੁਰੂਕਸ਼ੇਤਰ-ਪੇਹੋਵਾ ਸੜਕ ਨੂੰ ਵੀ ਜਾਮ ਕਰ ਦਿੱਤਾ ਸੀ। �ਿਸ਼ਨਾ ਗੇਟ ਥਾਣੇ ਦੇ ਇੰਚਾਰਜ ਜਗਦੀਸ਼ ਚੰਦ ਨੇ ਦੱਸਿਆ ਕਿ ਜ਼ਖਮੀ ਮੁੰਡੇ ਦੀ ਸ਼ਿਕਾਇਤ ’ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।