ਚੰਡੀਗੜ੍ਹ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪੀ ਆਈ ਟੀ-ਐੱਨ ਡੀ ਪੀ ਐੱਸ ਐਕਟ-1988 ਤਹਿਤ ਇੱਕ ਸਾਲ ਲਈ ਹਿਰਾਸਤ ’ਚ ਲੈਂਦਿਆਂ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਹੈ। ਪੰਜਾਬ ਪੁਲਸ ਤੇ ਐੱਨ ਸੀ ਬੀ ਅਧਿਕਾਰੀਆਂ ਦੀ ਟੀਮ ਸਨਿੱਚਰਵਾਰ ਸ਼ਾਮ ਨੂੰ ਗੈਂਗਸਟਰ ਨੂੰ ਬਠਿੰਡਾ ਦੀ ਜੇਲ੍ਹ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਲੈ ਕੇ ਆਈ ਤੇ ਅਸਾਮ ਦੀ ਸਿਲਚਰ ਜੇਲ੍ਹ ਲੈ ਗਈ। ਜੱਗੂ ਭਗਵਾਨਪੁਰੀਆ, ਜਿਸ ਦਾ ਅਸਲ ਨਾਂਅ ਜਗਦੀਪ ਸਿੰਘ ਹੈ, ਪੰਜਾਬ ਦਾ ਪਹਿਲਾ ਗੈਂਗਸਟਰ ਹੈ, ਜਿਸ ਨੂੰ ਉਪਰੋਕਤ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। ਗੁਰਦਾਸਪੁਰ ਦੇ ਕੋਟ ਸੂਰਤ ਮੱਲ੍ਹੀ ਪੁਲਸ ਥਾਣੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਦੇ ਜੱਗੂ ਭਗਵਾਨਪੁਰੀਆ ਖਿਲਾਫ ਐੱਨ ਡੀ ਪੀ ਐੱਸ ਐਕਟ ਤਹਿਤ 12 ਕੇਸਾਂ ਸਣੇ ਫਿਰੌਤੀ, ਨਸ਼ਾ ਤਸਕਰੀ ਦੇ ਕੁੱਲ 128 ਕੇਸ ਦਰਜ ਹਨ। ਸੂਤਰਾਂ ਮੁਤਾਬਕ ਤਫਸੀਲੀ ਜਾਂਚ ਤੋਂ ਬਾਅਦ ਹੀ ਗੈਂਗਸਟਰ ਖਿਲਾਫ ਪੀ ਆਈ ਟੀ-ਐੱਨ ਡੀ ਪੀ ਐੱਸ ਐਕਟ ਲਾਇਆ ਗਿਆ ਹੈ। ਖੁਫੀਆ ਰਿਪੋਰਟਾਂ ਜੱਗੂ ਦੀ ਪਾਕਿਸਤਾਨ ਅਧਾਰਤ ਸਪਲਾਇਰਾਂ ਅਤੇ ਕੈਨੇਡਾ ਤੇ ਅਮਰੀਕਾ ਦੇ ਕੌਮਾਂਤਰੀ ਨੈੱਟਵਰਕਾਂ ਨਾਲ ਸ਼ਮੂਲੀਅਤ ਨੂੰ ਦਰਸਾਉਂਦੀਆਂ ਹਨ। ਭਾਰਤ ਸਰਕਾਰ ਦੇ ਜਾਇੰਟ ਸਕੱਤਰ (ਪੀ ਆਈ ਟੀ-ਐੱਨ ਡੀ ਪੀ ਐੱਸ) ਦੇ 21 ਮਾਰਚ 2025 ਦੇ ਨਿਰਦੇਸ਼ਾਂ ਤੋਂ ਬਾਅਦ ਐੱਨ ਸੀ ਬੀ ਨੇ ਗੈਂਗਸਟਰ ਨੂੰ ਬਠਿੰਡਾ ਤੋਂ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਪੰਜਾਬ ਤੇ ਨੇੜਲੇ ਖੇਤਰਾਂ ਵਿੱਚ ਵਧ ਰਹੇ ਅਪਰਾਧਕ ਨੈੱਟਵਰਕਾਂ ਦੀ ਪਕੜ ਨੂੰ ਤੋੜਨਾ ਹੈ।





