ਚੰਡੀਗੜ੍ਹ (ਗੁਰਜੀਤ ਬਿੱਲਾ)-ਵੱਡੀ ਗਿਣਤੀ ਵਿੱਚ ਤਹਿਸੀਲਦਾਰਾਂ ਦੇ ਤਬਾਦਲੇ ਤੋਂ ਬਾਅਦ ਸਰਕਾਰ ਨੇ ਹੁਣ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ ਕੀਤੇ ਹਨ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸਨ ਕਿ ਮੁਨਸ਼ੀ 15-20 ਸਾਲ ਤੋਂ ਇਕ ਹੀ ਥਾਣੇ ਵਿਚ ਹਨ, ਜਿਸ ਕਾਰਨ ਭਿ੍ਰਸ਼ਟਾਚਾਰ ਵਿਚ ਵਾਧਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਰਕਾਰ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਕੋਈ ਵੀ ਮੁਨਸ਼ੀ ਇੱਕ ਥਾਣੇ ਵਿੱਚ 2 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਅਤੇ ਜੇਕਰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਤਾਂ ਉਸ ਦਾ ਥਾਣਾ ਤੁਰੰਤ ਬਦਲ ਦਿੱਤਾ ਜਾਵੇਗਾ। ਇਸ ਫੈਸਲੇ ਤਹਿਤ 191 ਮੁਨਸ਼ੀਆਂ ਦੇ ਤਬਾਦਲੇ ਕਰਕੇ ਉਨ੍ਹਾਂ ਦੇ ਸਟੇਸ਼ਨ ਬਦਲ ਦਿੱਤੇ ਹਨ।
ਜੱਜ ਤੋਂ ਕੰਮ ਵਾਪਸ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਸੋਮਵਾਰ ਐਲਾਨ ਕੀਤਾ ਕਿ ਜਸਟਿਸ ਯਸ਼ਵੰਤ ਵਰਮਾ, ਜਿਸ ਦੇ ਸਰਕਾਰੀ ਨਿਵਾਸ ਸਥਾਨ ’ਤੇ ਅੱਗ ਲੱਗਣ ਤੋਂ ਬਾਅਦ ਕਥਿਤ ਤੌਰ ’ਤੇ ਨਕਦੀ ਦਾ ਵੱਡਾ ਭੰਡਾਰ ਮਿਲਿਆ ਸੀ, ਦਾ ਨਿਆਂਇਕ ਕੰਮ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।
ਖਹਿਰਾ ਨੂੰ ਬੋਲਣ ਦਾ ਮੌਕਾ ਨਾ ਦੇਣ ’ਤੇ ਕਾਂਗਰਸੀ ਵਿਧਾਇਕਾਂ ਵੱਲੋਂ ਵਾਕਆਊਟ
ਚੰਡੀਗੜ੍ਹ : ਕਾਂਗਰਸ ਦੇ ਵਿਧਾਇਕਾਂ ਨੇ ਸੋਮਵਾਰ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਥਿਤ ਤੌਰ ’ਤੇ ਸਦਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਵਿੱਚੋਂ ਵਾਕਆਊਟ ਕੀਤਾ। ਸਿਫਰ ਕਾਲ ਦੌਰਾਨ ਭੁਲੱਥ ਦੇ ਵਿਧਾਇਕ ਖਹਿਰਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਧਿਆਨ ਸਦਨ ਵਿੱਚ ਮੁੱਦੇ ਉਠਾਉਣ ਦੀ ਇਜਾਜ਼ਤ ਦੇਣ ਲਈ ਮੰਗਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਖਹਿਰਾ ਦੇ ਸਮਰਥਨ ਵਿੱਚ ਖੜ੍ਹੇ ਹੋ ਗਏ ਅਤੇ ਸਪੀਕਰ ਨੂੰ ਉਨ੍ਹਾ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਜਦੋਂ ਖਹਿਰਾ ਸਪੀਕਰ ਤੋਂ ਉਨ੍ਹਾ ਨੂੰ ਬੋਲਣ ਦੀ ਇਜਾਜ਼ਤ ਦੇਣ ਦੀ ਮੰਗ ਕਰਦੇ ਰਹੇ ਸੀ ਤਾਂ ਸੰਧਵਾਂ ਨੇ ਵਿਧਾਇਕ ਨੂੰ ਕਿਹਾ ਕਿ ਇਹ ਉਨ੍ਹਾ ਦਾ ਅਧਿਕਾਰ ਹੈ ਕਿ ਸਦਨ ਵਿੱਚ ਕਿਸ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਬੋਲਣ ਦਾ ਮੌਕਾ ਨਾ ਮਿਲਣ ’ਤੇ ਕਾਂਗਰਸੀ ਵਾਕਆਊਟ ਕਰ ਗਏ।