ਆਮਦਨ ਕਰ ਵਿਭਾਗ ਦੇ ਦਫਤਰ ਖੁੱਲ੍ਹੇ ਰਹਿਣਗੇ

0
18

ਨਵੀਂ ਦਿੱਲੀ : ਦੇਸ਼-ਭਰ ਵਿੱਚ ਆਮਦਨ ਕਰ ਵਿਭਾਗ ਦੇ ਦਫਤਰ 29 ਮਾਰਚ ਤੋਂ 31 ਮਾਰਚ ਤੱਕ ਵੀ ਖੁੱਲ੍ਹੇ ਰਹਿਣਗੇ ਤਾਂ ਜੋ ਵਿੱਤੀ ਸਾਲ ਲਈ ਬਕਾਇਆ ਟੈਕਸ ਨਾਲ ਸੰਬੰਧਤ ਕਾਰੋਬਾਰ ਨੂੰ ਪੂਰਾ ਕਰਨ ਵਿੱਚ ਟੈਕਸਦਾਤਾਵਾਂ ਦੀ ਸਹੂਲਤ ਹੋ ਸਕੇ। ਸੰਭਵ ਤੌਰ ’ਤੇ ਸੋਮਵਾਰ ਨੂੰ ਆਉਣ ਵਾਲੀ ਈਦ-ਉਲ-ਫਿਤਰ ਵਾਲੇ ਦਿਨ ਵੀ ਦਫਤਰ ਖੁੱਲ੍ਹੇ ਰਹਿਣਗੇ।
ਘੁੰਮਣਾ-ਫਿਰਨਾ ਬੰਦ ਹੋ ਗਿਆ : ਸਲਮਾਨ
ਮੁੰਬਈ : ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਵਧੀ ਹੋਈ ਸੁਰੱਖਿਆ ਨੇ ਉਸ ਦੇ ਬਾਹਰ ਨਿਕਲਣ ਨੂੰ ਕਾਫੀ ਹੱਦ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਸ ਦੇ ਸਟਾਈਲ ਨੂੰ ਪ੍ਰਭਾਵਤ ਕਰ ਦਿੱਤਾ ਹੈ। ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਰੱਖਿਆ ਪ੍ਰੋਟੋਕੋਲ ਨੇ ਉਸ ਦੇ ਰੋਜ਼ਾਨਾ ਦੇ ਰੁਟੀਨ ਨੂੰ ਪ੍ਰਭਾਵਤ ਕੀਤਾ ਹੈ। ਉਸ ਨੇ ਕਿਹਾ, “ਮੈਂ ਇਸ (ਸੁਰੱਖਿਆ) ਬਾਰੇ ਕੁਝ ਨਹੀਂ ਕਰ ਸਕਦਾ। ਮੈਂ ਸਿਰਫ ਗਲੈਕਸੀ (ਘਰ) ਤੋਂ ਸ਼ੂਟਿੰਗ ਕਰਨ ਜਾਂਦਾ ਹਾਂ, ਹੋਰ ਕੋਈ ਘੁੰਮਣਾ-ਫਿਰਨਾ ਨਹੀਂ।’’
ਡੇਰੇ ਜਾਂਦਿਆਂ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ
ਜਲੰਧਰ : ਨਕੋਦਰ ਵੱਲ ਜਾਂਦਿਆਂ ਵੀਰਵਾਰ ਸਵੇਰੇ ਪਿੰਡ ਸਿੰਘਾਂ ਨੇੜੇ ਢਾਬੇ ਅੱਗੇ ਟਰੱਕ ਦੇ ਪਿੱਛੇ ਐਕਟਿਵਾ ਵੱਜਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਡਰਾਈਵਰ ਟਰੱਕ ਲੈ ਕੇ ਫਰਾਰ ਹੋ ਗਿਆ। ਲਾਂਬੜਾ ਦੇ ਏ ਐੱਸ ਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਵਾਲੇ ਪਾਸਿਓਂ ਐਕਟਿਵਾ ’ਤੇ ਸਵਾਰ ਚਾਰ ਜਣੇ ਨਕੋਦਰ ਧਾਰਮਿਕ ਡੇਰੇ ’ਤੇ ਮੱਥਾ ਟੇਕਣ ਜਾ ਰਹੇ ਸਨ। ਪਿੰਡ ਸਿੰਘਾਂ ਨੇੜੇ ਲਾਈਟਾਂ ਵਾਲੇ ਢਾਬੇ ’ਤੇ ਖੜ੍ਹੇ ਟਰੱਕ ਦੇ ਪਿੱਛੇ ਐਕਟਿਵਾ ਜਾ ਵੱਜੀ। ਮਿ੍ਰਤਕਾਂ ਦੀ ਪਛਾਣ ਏਕਮ ਪੁੱਤਰ ਸੁਖਦੇਵ ਤੇ ਜਸ਼ਨਦੀਪ ਪੁੱਤਰ ਰਾਜਕੁਮਾਰ ਵਾਸੀ ਮਿੱਠੂ ਬਸਤੀ ਵਜੋਂ ਹੋਈ ਹੈ। ਸੂਰਜ ਪੁੱਤਰ ਰਵਿੰਦਰ ਵਾਸੀ ਰਾਜਨਗਰ ਅਤੇ ਰਿਛ ਪੁੱਤਰ ਪ੍ਰਦੀਪ, ਬਸਤੀ ਬਾਵਾ ਖੇਲ ਗੰਭੀਰ ਜ਼ਖਮੀ ਹੋਏ ਹਨ।
ਸਰਪੰਚ ’ਤੇ ਫਾਇਰਿੰਗ
ਤਰਨ ਤਾਰਨ : ਪਿੰਡ ਨੌਸ਼ਹਿਰਾ ਪੰਨੂੰਆਂ ਦੇ ਸਰਪੰਚ ਗੁਰਪ੍ਰੀਤ ਸਿੰਘ ’ਤੇ ਵੀਰਵਾਰ ਸਵੇਰ ਸਮੇਂ ਮੋਟਰਸਾਈਕਲ ਸਵਾਰ ਦੋ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਆਮ ਆਦਮੀ ਪਾਰਟੀ ਨਾਲ ਸੰਬੰਧਤ ਸਰਪੰਚ ਗੁਰਪ੍ਰੀਤ ਸਿੰਘ ਲੌਹੁਕਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਖੜ੍ਹਾ ਸੀ, ਜਦੋਂ ਨਕਾਬਪੋਸ਼ ਗੋਲੀਆਂ ਚਲਾ ਕੇ ਲੌਹੁਕਾ ਪਿੰਡ ਵੱਲ ਨੂੰ ਫਰਾਰ ਹੋ ਗਏ। ਸਰਪੰਚ ਨੇ ਦੱਸਿਆ ਕਿ ਉਸ ਨੇ ਆਪਣੇ ਸਮਰਥਕਾਂ ਨਾਲ ਪਿੱਛਾ ਵੀ ਕੀਤਾ ਪਰ ਹਮਲਾਵਰ ਫਰਾਰ ਹੋ ਗਏ। ਥਾਣਾ ਸਰਹਾਲੀ ਦੇ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਤੋਂ ਹਮਲਾਵਰਾਂ ਦਾ ਪਤਾ ਲਾਇਆ ਜਾ ਰਿਹਾ ਹੈ।