ਨਵੀਂ ਦਿੱਲੀ : ਸੀ ਬੀ ਐੱਸ ਈ ਦੇ ਜਿਹੜੇ ਵਿਦਿਆਰਥੀ ਨਿਯਮਤ ਰੂਪ ਵਿਚ ਸਕੂਲਾਂ ਵਿੱਚ ਨਹੀਂ ਜਾਂਦੇ, ਉਨ੍ਹਾਂ ਨੂੰ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡੰਮੀ ਦਾਖਲਾ ਲੈਣ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਅਤੇ ਮਾਪਿਆਂ ਦੀ ਹੈ। ਡੰਮੀ ਸਕੂਲਾਂ ’ਤੇ ਚੱਲ ਰਹੀ ਆਪਣੀ ਕਾਰਵਾਈ ਵਿੱਚ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ ਬੀ ਐੱਸ ਈ) ਅਜਿਹੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਤੋਂ ਰੋਕਣ ਲਈ ਪ੍ਰੀਖਿਆ ਉਪ-ਨਿਯਮਾਂ ਵਿੱਚ ਸੋਧ ਕਰਨ ’ਤੇ ਵਿਚਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ (ਐੱਨ ਆਈ ਓ ਐੱਸ) ਦੀ ਪ੍ਰੀਖਿਆ ਦੇਣੀ ਪਵੇਗੀ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇ ਉਮੀਦਵਾਰ ਸਕੂਲ ਤੋਂ ਗਾਇਬ ਪਾਏ ਜਾਂਦੇ ਹਨ ਜਾਂ ਬੋਰਡ ਵੱਲੋਂ ਕੀਤੇ ਗਏ ਅਚਾਨਕ ਨਿਰੀਖਣ ਦੌਰਾਨ ਗੈਰ-ਹਾਜ਼ਰ ਪਾਏ ਜਾਂਦੇ ਹਨ ਤਾਂ ਅਜਿਹੇ ਉਮੀਦਵਾਰਾਂ ਨੂੰ ਬੋਰਡ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਨਿਯਮਤ ਤੌਰ ’ਤੇ ਸਕੂਲ ਨਾ ਜਾਣ ਦੀ ਜ਼ਿੰਮੇਵਾਰੀ ਸੰਬੰਧਤ ਵਿਦਿਆਰਥੀ ਅਤੇ ਉਸ ਦੇ ਮਾਪਿਆਂ ’ਤੇ ਵੀ ਆਉਂਦੀ ਹੈ। ਅਧਿਕਾਰੀ ਨੇ ਕਿਹਾ ਕਿ ਅਜਿਹੇ ਡੰਮੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਵਾਲੇ ਜਾਂ ਗੈਰ-ਹਾਜ਼ਰ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਵਾਲੇ ਸਕੂਲਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਹ ਮੁੱਦਾ ਬੋਰਡ ਦੀ ਹਾਲ ਹੀ ਵਿਚ ਹੋਈ ਗਵਰਨਿੰਗ ਬੋਰਡ ਦੀ ਮੀਟਿੰਗ ਵਿੱਚ ਵੀ ਉਠਾਇਆ ਗਿਆ ਸੀ, ਜਿੱਥੇ ਇਹ ਸਿਫਾਰਸ਼ ਕੀਤੀ ਗਈ ਸੀ ਕਿ ਇਸ ਫੈਸਲੇ ਨੂੰ ਅਕਾਦਮਿਕ ਸੈਸ਼ਨ 2025-2026 ਤੋਂ ਲਾਗੂ ਕੀਤਾ ਜਾਵੇ। ਪ੍ਰੀਖਿਆ ਕਮੇਟੀ ਵਿੱਚ ਇਸ ਮਾਮਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਉਹ ਇਸ ਸਿੱਟੇ ’ਤੇ ਪਹੁੰਚੀ ਕਿ ਬੋਰਡ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਲਈ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੇ ਯੋਗ ਹੋਣ ਲਈ ਘੱਟੋ-ਘੱਟ 75 ਫੀਸਦੀ ਹਾਜ਼ਰੀ ਲਾਜ਼ਮੀ ਹੈ। ਜੇ ਲੋੜੀਂਦੀ ਹਾਜ਼ਰੀ ਪੂਰੀ ਨਹੀਂ ਹੁੰਦੀ ਹੈ, ਤਾਂ ਸਿਰਫ ਗੈਰ-ਹਾਜ਼ਰ ਵਿਦਿਆਰਥੀਆਂ ਨੂੰ ਸਕੂਲ ਵਿੱਚ ਦਾਖਲਾ ਲੈਣ ਨਾਲ ਹੀ ਸੀ ਬੀ ਐੱਸ ਈ ਪ੍ਰੀਖਿਆ ਵਿੱਚ ਬੈਠਣ ਦਾ ਹੱਕ ਨਹੀਂ ਮਿਲ ਸਕਦਾ। ਅਜਿਹੇ ਵਿਦਿਆਰਥੀ ਸੀ ਬੀ ਐੱਸ ਈ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ’ਤੇ ਪ੍ਰੀਖਿਆ ਵਿੱਚ ਬੈਠਣ ਲਈ ਐੱਨ ਆਈ ਓ ਐੱਸ ਕੋਲ ਜਾ ਸਕਦੇ ਹਨ।
ਇਸ ਤੋਂ ਇਲਾਵਾ ਇਹ ਵੀ ਚਰਚਾ ਕੀਤੀ ਗਈ ਕਿ ਬੋਰਡ ਸਿਰਫ ਮੈਡੀਕਲ ਐਮਰਜੈਂਸੀ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਵਿੱਚ ਭਾਗੀਦਾਰੀ ਅਤੇ ਹੋਰ ਗੰਭੀਰ ਕਾਰਨਾਂ ਵਰਗੀਆਂ ਜ਼ਰੂਰੀ ਸਥਿਤੀਆਂ ਵਿੱਚ 25 ਪ੍ਰਤੀਸ਼ਤ ਦੀ ਛੋਟ ਦਿੰਦਾ ਹੈ। ਇੰਜੀਨੀਅਰਿੰਗ ਅਤੇ ਮੈਡੀਕਲ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਬਹੁਤ ਸਾਰੇ ਵਿਦਿਆਰਥੀ ਡੰਮੀ ਦਾਖਲਾ ਲੈਣਾ ਪਸੰਦ ਕਰਦੇ ਹਨ ਤਾਂ ਜੋ ਉਹ ਸਿਰਫ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਪਣੀਆਂ ਤਿਆਰੀਆਂ ’ਤੇ ਧਿਆਨ ਕੇਂਦਰਤ ਕਰ ਸਕਣ। ਉਹ ਕਲਾਸਾਂ ਵਿੱਚ ਨਹੀਂ ਜਾਂਦੇ ਅਤੇ ਸਿੱਧੇ ਬੋਰਡ ਪ੍ਰੀਖਿਆਵਾਂ ਵਿੱਚ ਬੈਠਦੇ ਹਨ।