ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਵੀਰਵਾਰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਮਾਮਲੇ ’ਤੇ ਦੋ ਘੰਟਿਆਂ ਦੀ ਤਿੱਖੀ ਬਹਿਸ ਤੋਂ ਬਾਅਦ ਸਦਨ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਨਿੰਦਾ ਮਤਾ ਪਾਸ ਕਰ ਦਿੱਤਾ। ਮਤੇ ਦੀ ਸ਼ੋ੍ਰਮਣੀ ਅਕਾਲੀ ਦਲ ਦੇ ਮੈਂਬਰ ਮਨਪ੍ਰੀਤ ਸਿੰਘ ਅਯਾਲੀ ਤੇ ਕਾਂਗਰਸ ਦੇ ਵਿਧਾਇਕ ਸੰਦੀਪ ਜਾਖੜ ਨੇ ਵੀ ਹਮਾਇਤ ਕੀਤੀ। ਬਾਜਵਾ ਨੇ ਬੁੱਧਵਾਰ ਕਿਹਾ ਸੀ ਕਿ ਛੱਪੜਾਂ ਦੀ ਸਫਾਈ ਵਿਅਕਤੀ ਵਿਸ਼ੇਸ਼ (ਸੀਚੇਵਾਲ) ਦੇ ਮਾਡਲ ਨਾਲ ਨਹੀਂ ਹੋਣੀ। ਉਸ ਦੇ ਛੱਪੜ ਦਾ ਪਾਣੀ ਪੀ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਮਾਰ ਹੋ ਗਏ ਸਨ ਤੇ ਹਸਪਤਾਲ ਦਾਖਲ ਹੋਣਾ ਪਿਆ ਸੀ। ਛੱਪੜਾਂ ਦੀ ਸਫਾਈ ਲਈ ਸਰਕਾਰ ਨੂੰ ਥਾਪਰ ਤੇ ਚੰਡੀਗੜ੍ਹ ਦੇ ਇੰਜੀਨੀਅਰਿੰਗ ਕਾਲਜ ਦੇ ਮਾਹਰਾਂ ਦੀ ਮਦਦ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਜਦੋਂ ਬਾਜਵਾ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਲਈ ਮਤਾ ਪਾਸ ਕਰਾਉਣ ਲਈ ਉੱਠੇ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਐੱਮ ਐੱਲ ਏ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਸੱਤਾਧਾਰੀ ਮੈਂਬਰਾਂ ਨੇ ਸੀਚੇਵਾਲ ਦੇ ਮਾਮਲੇ ’ਤੇ ਬਾਜਵਾ ਨੂੰ ਮੁਆਫੀ ਮੰਗਣ ਲਈ ਕਿਹਾ। ਬਾਜਵਾ ਨੇ ਕਿਹਾ ਕਿ ਗਿਣਮਿਥੇ ਢੰਗ ਨਾਲ ਉਨ੍ਹਾ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਂਸ ਨੇ ਕਿਹਾ ਕਿ ਬਾਜਵਾ ਨੇ ਸੀਚੇਵਾਲ ਖਿਲਾਫ ਬੋਲ ਕੇ ਪੰਜਾਬੀਆਂ ਦੇ ਦਿਲ ਦੁਖਾਏ ਹਨ। ਇੰਦਰਜੀਤ ਕੌਰ ਨੇ ਕਿਹਾ ਕਿ ਬਾਜਵਾ ਨੂੰ ਸਦਨ ਵਿੱਚੋਂ ਬਾਹਰ ਕੀਤਾ ਜਾਵੇ। ਮੰਤਰੀ ਅਮਨ ਅਰੋੜਾ ਨੇ ਵੀ ਸੀਚੇਵਾਲ ਬਾਰੇ ਬੋਲਣ ’ਤੇ ਬਾਜਵਾ ’ਤੇ ਹਮਲਾ ਕੀਤਾ। ਹੰਗਾਮੇ ਕਾਰਨ ਸਪੀਕਰ ਨੇ ਸਦਨ 15 ਮਿੰਟ ਲਈ ਉਠਾ ਦਿੱਤਾ। ਦੁਬਾਰਾ ਸਦਨ ਜੁੜਨ ’ਤੇ ਸੱਤਾਧਾਰੀ ਫਿਰ ਹਮਲਾਵਰ ਹੋਏ ਤਾਂ ਕਾਂਗਰਸੀ ਵਿਧਾਇਕ ਵਾਕਆਊਟ ਕਰ ਗਏ। ਉਦੋਂ ਬਾਜਵਾ ਸਦਨ ਵਿੱਚ ਨਹੀਂ ਸਨ। ਸਦਨ ਫਿਰ 15 ਮਿੰਟ ਲਈ ਉਠਾਉਣਾ ਪਿਆ। ਮੁੜ ਬੈਠਕ ਸ਼ੁਰੂ ਹੋਣ ’ਤੇ ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਜਟ ’ਤੇ ਬੋਲਣ ਨਹੀਂ ਦਿੱਤਾ ਜਾ ਰਿਹਾ। ਭਗਤ ਸਿੰਘ ਨੂੰ ਭਾਰਤ ਰਤਨ ਦੇਣ ਲਈ ਮਤਾ ਪਾਸ ਕਰਨ ਦੀ ਥਾਂ ਸੱਤਾਧਾਰੀ ਮੈਂਬਰ ਸੀਚੇਵਾਲ ਦਾ ਮੁੱਦਾ ਚੁੱਕ ਰਹੇ ਹਨ।




