ਪੀ ਆਰ ਟੀ ਸੀ ਕਾਮੇ ਅੱਜ ਬਜਟ ਦੀਆਂ ਕਾਪੀਆਂ ਸਾੜਨਗੇ

0
143

ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਪਟਿਆਲਾ ਵਿੱਚ ਸ਼ਾਮਲ ਏਟਕ, ਇੰਟਕ, ਕਰਮਚਾਰੀ ਦਲ, ਕੰਟਰੈਕਟ ਵਰਕਰਜ਼ (ਆਜ਼ਾਦ), ਐੱਸ ਸੀ/ਬੀ ਸੀ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਮਨਜਿੰਦਰ ਕੁਮਾਰ ਬੱਬੂ ਸ਼ਰਮਾ, ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਮੁਹੰਮਦ ਖਲੀਲ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਮੁਲਾਜ਼ਮਮਜ਼ਦੂਰ ਅਤੇ ਕਰਮਚਾਰੀ ਵਿਰੋਧੀ, ਪਬਲਿਕ ਸੈਕਟਰ ਦੇ ਅਦਾਰੇ ਟਰਾਂਸਪੋਰਟ ਵਿਰੋਧੀ, ਕੰਟਰੈਕਟ, ਆਊਟਸੋਰਸ ਵਰਕਰਜ਼ ਵਿਰੋਧੀ ਕਰਾਰ ਦਿੰਦਿਆ ਪੰਜਾਬ ਸਰਕਾਰ ਦੀ ਪੁਰਜੋਰ ਸ਼ਬਦਾਂ ਵਿੱਚ ਨਖੇਧੀ ਕਰਦਿਆਂ ਕਿਹਾ ਕਿ ਪੀ ਆਰ ਟੀ ਸੀ ਅਦਾਰੇ ਉਪਰ ਸਰਕਾਰ ਨੇ ਜੋ ਮੁਫ਼ਤ ਸਫਰ ਸਹੂਲਤਾਂ ਦਾ ਬੋਝ ਪਾਇਆ ਹੋਇਆ ਹੈ, ਉਹ ਘੱਟੋ-ਘੱਟ ਸਾਲਾਨਾ 500 ਕਰੋੜ ਰੁਪਏ ਤੋਂ ਵੀ ਵੱਧ ਹੈ ਅਤੇ ਸਰਕਾਰ ਵੱਲ ਪਿਛਲਾ ਬਕਾਇਆ ਵੀ 400 ਕਰੋੜ ਰੁਪਏ ਤੋਂ ਵੱਧ ਦਾ ਖੜਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਪਤਾ ਨਹੀਂ ਖਜ਼ਾਨਾ ਮੰਤਰੀ ਨੇ ਕੀ ਸੋਚਿਆ ਕਿ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ਼ ਨੂੰ ਮੁਫ਼ਤ ਸਫਰ ਸਹੂਲਤਾਂ ਬਦਲੇ ਰਕਮ ਸਿਰਫ 450 ਕਰੋੜ ਰੁਪਏ ਰੱਖੀ ਹੈ, ਜਿਸ ਵਿੱਚ ਅੰਦਾਜ਼ਨ ਪੀ ਆਰ ਟੀ ਸੀ ਨੂੰ 225 ਕਰੋੜ ਰੁਪਏ ਸਾਲ 2025-26 ਵਿੱਚ ਮਿਲ ਸਕਦੇ ਹਨ, ਜਦ ਕਿ ਇਕੱਲੀਆਂ ਔਰਤਾਂ ਦਾ ਮੁਫ਼ਤ ਸਫਰ ਹੀ ਸਲਾਨਾ 450 ਕਰੋੜ ਰੁਪਏ ਬਣਦਾ ਹੈ, ਜਿਸ ਦਾ ਸਪੱਸ਼ਟ ਅਰਥ ਹੈ ਕਿ ਵਰਕਰਾਂ ਦੀਆਂ ਜੇਬਾਂ ’ਤੇ ਹੀ ਡਾਕਾ ਵੱਜੇਗਾ, ਜਿਹਨਾਂ ਨੂੰ ਪਹਿਲਾਂ ਹੀ ਤਨਖਾਹ/ ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ, ਸੇਵਾ-ਮੁਕਤ ਵਰਕਰਾਂ ਨੂੰ ਡੇਢ ਸਾਲ ਤੋਂ ਉਹਨਾਂ ਦੇ ਸੇਵਾ-ਮੁਕਤੀ ਬਕਾਏ ਨਹੀਂ ਮਿਲ ਰਹੇ। ਹੋਰ ਅਨੇਕਾਂ ਕਿਸਮ ਦੇ ਬਕਾਏ ਕਰੋੜਾਂ ਰੁਪਏ ਦੇ ਪੈਂਡਿੰਗ ਪਏ ਹਨ। ਸਰਕਾਰ ਇਸ ਅਦਾਰੇ ਦੀ ਕੋਈ ਵਿੱਤੀ ਮਦਦ ਨਹੀਂ ਕਰ ਰਹੀ। ਪਿਛਲੇ ਤਿੰਨ ਸਾਲਾਂ ਤੋਂ ਇੱਕ ਵੀ ਨਵੀਂ ਬੱਸ ਪਾਉਣ ਲਈ ਸਰਕਾਰ ਵੱਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਨਵੀਂਆਂ ਬੱਸਾਂ ਪਾਉਣ ਦੀ ਸਿਰਫ ਮਨਜ਼ੂਰੀ ਵੀ ਕਈ ਮਹੀਨਿਆਂ ਤੋਂ ਲਟਕ ਰਹੀ ਹੈ, ਜਦ ਕਿ ਸਰਕਾਰ ਨੇ ਬੱਸਾਂ ਪਾਉਣ ਲਈ ਆਪਣੇ ਕੋਲੋ ਕੋਈ ਪੈਸਾ ਵੀ ਪੀ ਆਰ ਟੀ ਸੀ ਨੂੰ ਨਹੀਂ ਦੇਣਾ।ਇਸ ਤੋਂ ਇਲਾਵਾ ਪੀ ਆਰ ਟੀ ਸੀ ਅਦਾਰੇ ਵਿੱਚ ਅੱਤ ਦੇ ਸ਼ੋਸ਼ਿਤ ਕੰਟਰੈਕਟ/ ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਦੀ ਕੋਈ ਪਾਲਸੀ ਨਹੀਂ ਬਣਾਈ ਜਾ ਰਹੀ, ਜਿਸ ਕਾਰਨ ਉਹ ਅਦਾਰੇ ਵਿੱਚ ਆਪਣੇ ਭਵਿੱਖ ਦੀ ਚਿੰਤਾ ਨੂੰ ਲੈ ਕੇ ਵਾਰਵਾਰ ਹੜਤਾਲਮੁਜ਼ਾਹਰੇ ਕਰਨ ਲਈ ਮਜਬੂਰ ਹੁੰਦੇ ਹਨ, ਜਿਸ ਨਾਲ ਜਿੱਥੇ ਅਦਾਰੇ ਦਾ ਵਿੱਤੀ ਨੁਕਸਾਨ ਵੀ ਹੁੰਦਾ ਹੈ ਅਤੇ ਪਬਲਿਕ ਵੀ ਖੱਜਲ-ਖੁਆਰ ਹੁੰਦੀ ਹੈ। ਸਰਕਾਰ ਹਕੂਮਤ ਦੇ ਨਸ਼ੇ ਵਿੱਚ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ। ਲਾਰੇ, ਫੋਕੀਆਂ ਅਤੇ ਝੂਠੀਆਂ ਬਿਆਨਬਾਜ਼ੀਆਂ ਨਾਲ ਡੰਗ-ਟਪਾਊ ਨੀਤੀ ’ਤੇ ਚੱਲਿਆ ਜਾ ਰਿਹਾ ਹੈ।
ਐਕਸ਼ਨ ਕਮੇਟੀ ਨੇ ਪੁਰਜ਼ੋਰ ਮੰਗ ਕੀਤੀ ਕਿ ਪੰਜਾਬ ਸਰਕਾਰ ਪੀ ਆਰ ਟੀ ਸੀ ਦੀ ਸਾਰੀ ਬਕਾਇਆ ਬਣਦੀ 500 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਦਾਰੇ ਨੂੰ ਦੇਵੇ ਅਤੇ ਬਜਟ ਵਿੱਚ ਮੁਫ਼ਤ ਸਫਰ ਦੀ ਬਣਦੀ ਪੂਰੀ ਰਕਮ ਦਾ ਪ੍ਰਬੰਧ ਕਰੇ ਅਤੇ ਪੀ ਆਰ ਟੀ ਸੀ ਨੂੰ ਹਰ ਮਹੀਨੇ ਨਾਲੋਨਾਲ ਪੈਸਾ ਦੇਵੇ।ਐਕਸ਼ਨ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਕਿ ਪੰਜਾਬ ਦੀਆਂ ਮੁਲਾਜ਼ਮ-ਮਜਦੂਰ ਜਥੇਬੰਦੀਆਂ ਨੇ 28 ਮਾਰਚ ਨੂੰ ਬਜਟ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਵੱਖ-ਵੱਖ ਥਾਵਾਂ ’ਤੇ ਪੀ ਆਰ ਟੀ ਸੀ ਕਾਮੇ ਵੀ ਇਹਨਾਂ ਐਕਸ਼ਨਾਂ ਵਿੱਚ ਸ਼ਾਮਲ ਹੋਣਗੇ।