ਨਵੀਂ ਦਿੱਲੀ : ਟਰੰਪ ਦੇ ਟੈਕਸ ਯੁੱਧ ਨਾਲ ਭਾਰਤੀ ਆਟੋ ਕੰਪੋਨੈਂਟ ਨਿਰਮਾਤਾਵਾਂ ਦੇ ਜ਼ਿਆਦਾ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਬੁੱਧਵਾਰ ਅਪ੍ਰੈਲ ਤੋਂ ਆਟੋ ਆਯਾਤ ’ਤੇ 25 ਪ੍ਰਤੀਸ਼ਤ ਟੈਕਸ ਲਗਾਉਣ ਦਾ ਐਲਾਨ ਕੀਤਾ ਤੇ ਮਈ ਤੱਕ ਪ੍ਰਮੁੱਖ ਆਟੋਮੋਟਿਵ ਇੰਜਣ ਪਾਰਟਸ, ਟਰਾਂਸਮਿਸ਼ਨ ਅਤੇ ਪਾਵਰਟਰੇਨ ਪਾਰਟਸ ਅਤੇ ਇਲੈਕਟਰੀਕਲ ਕੰਪੋਨੈਂਟਸ ਦੇ ਆਯਾਤ ’ਤੇ 25 ਪ੍ਰਤੀਸ਼ਤ ਹੋਰ ਟੈਕਸ ਲਾਗੂ ਹੋਣ ਦੀ ਉਮੀਦ ਹੈ। ਇਕ ਉਦਯੋਗ ਕਾਰਜਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, “ਭਾਰਤੀ ਆਟੋ ਕੰਪੋਨੈਂਟ ਉਦਯੋਗ ਦੇ ਅਮਰੀਕੀ ਟੈਕਸ ਕਾਰਨ ਜ਼ਿਆਦਾ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਥੋਂ ਅਮਰੀਕਾ ਨੂੰ ਨਿਰਯਾਤ ਮਹੱਤਵਪੂਰਨ ਹੈ। ਭਾਰਤੀ ਵਾਹਨ ਨਿਰਮਾਤਾਵਾਂ ’ਤੇ ਇਸ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ਤੋਂ ਅਮਰੀਕਾ ਨੂੰ ਪੂਰੀ ਤਰ੍ਹਾਂ ਬਣੀਆਂ ਕਾਰਾਂ ਦਾ ਸਿੱਧਾ ਨਿਰਯਾਤ ਨਹੀਂ ਹੁੰਦਾ।’’ ਉਦਯੋਗ ਦੇ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2024 ’ਚ ਭਾਰਤ ਦਾ ਅਮਰੀਕਾ ਨੂੰ ਆਟੋ ਕੰਪੋਨੈਂਟ ਨਿਰਯਾਤ 6.79 ਅਰਬ ਅਮਰੀਕੀ ਡਾਲਰ ਸੀ, ਜਦੋਂ ਕਿ ਅਮਰੀਕਾ ਤੋਂ ਦੇਸ਼ ਦੀ ਦਰਾਮਦ 15 ਪ੍ਰਤੀਸ਼ਤ ਡਿਊਟੀ ’ਤੇ 1.4 ਅਰਬ ਅਮਰੀਕੀ ਡਾਲਰ ਸੀ।


