ਕਾਮਰਾ ਖਿਲਾਫ ਤਿੰਨ ਹੋਰ ਕੇਸ

0
16

ਮੁੰਬਈ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਕਥਿਤ ਵਿਵਾਦਪੂਰਨ ਟਿੱਪਣੀਆਂ ਨੂੰ ਲੈ ਕੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਵਿਰੁੱਧ ਖਾਰ ਪੁਲਸ ਸਟੇਸ਼ਨ ਵਿੱਚ ਤਿੰਨ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਪੁਲਸ ਮੁਤਾਬਕ ਇੱਕ ਸ਼ਿਕਾਇਤ ਜਲਗਾਓਂ ਸ਼ਹਿਰ ਦੇ ਮੇਅਰ ਨੇ ਦਰਜ ਕਰਵਾਈ ਸੀ, ਜਦੋਂ ਕਿ ਦੂਜੀਆਂ ਦੋ ਸ਼ਿਕਾਇਤਾਂ ਨਾਸਿਕ ਦੇ ਇੱਕ ਹੋਟਲ ਮਾਲਕ ਅਤੇ ਇੱਕ ਵਪਾਰੀ ਵੱਲੋਂ ਆਈਆਂ ਸਨ। ਖਾਰ ਪੁਲਸ ਨੇ ਕਾਮਰਾ ਨੂੰ ਪੁੱਛਗਿੱਛ ਲਈ ਦੋ ਵਾਰ ਬੁਲਾਇਆ, ਪਰ ਉਹ ਅਜੇ ਤੱਕ ਜਾਂਚ ਲਈ ਪੇਸ਼ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੁਨਾਲ ਕਾਮਰਾ ਨੂੰ ਉਸ ਦੇ ਖਿਲਾਫ ਦਰਜ ਕਈ ਐੱਫ ਆਈ ਆਰਜ਼ ਦੇ ਸੰਬੰਧ ਵਿੱਚ 7 ਅਪ੍ਰੈਲ ਤੱਕ ਅੰਤਰਮ ਅਗਾਊਂ ਜ਼ਮਾਨਤ ਦੇ ਦਿੱਤੀ ਸੀ।
200 ਝੁੱਗੀਆਂ ਸੜੀਆਂ
ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੱਗ ਲੱਗਣ ਦੇ ਕੁਝ ਹੀ ਮਿੰਟਾਂ ਵਿੱਚ ਦੋ ਸੌ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬਿ੍ਰਗੇਡ ਦੀਆਂ 10 ਗੱਡੀਆਂ ਨੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।
ਬੰਗਾਲ ਹਿੰਸਾ ’ਚ 50 ਗਿ੍ਰਫਤਾਰ
ਮਾਲਦਾ : ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਦੇ ਮੋਥਾਬਾੜੀ ਵਿੱਚ ਦੋ ਫਿਰਕਿਆਂ ਦਰਮਿਆਨ ਵੀਰਵਾਰ ਨੂੰ ਹੋਈਆਂ ਝੜਪਾਂ ਦੇ ਸੰਬੰਧ ਵਿੱਚ ਹੁਣ ਤੱਕ 50 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਉੱਤਰੀ ਬੰਗਾਲ ਦੇ ਆਈ ਜੀ ਰਾਜੇਸ਼ ਯਾਦਵ ਨੇ ਦੱਸਿਆ ਕਿ ਮੋਥਾਬਾੜੀ ਵਿੱਚ ਸਥਿਤੀ ਆਮ ਵਾਂਗ ਹੋ ਰਹੀ ਹੈ ਤੇ ਕੁਝ ਦੁਕਾਨਾਂ ਮੁੜ ਖੁੱਲ੍ਹ ਗਈਆਂ ਹਨ। ਧਾਰਮਕ ਜਲੂਸ ਤੋਂ ਬਾਅਦ ਹਿੰਸਾ ਸ਼ੁਰੂ ਹੋਈ ਸੀ।
ਸੈਫ ’ਤੇ ਹਮਲਾ ਕਰਨ ਵਾਲੇ ਨੇ ਜ਼ਮਾਨਤ ਮੰਗੀ
ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੇ ਬਾਂਦਰਾ ਸਥਿਤ ਘਰ ’ਚ ਜਨਵਰੀ ਵਿੱਚ ਦਾਖਲ ਹੋ ਕੇ ਚਾਕੂ ਮਾਰਨ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੇ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ ਹੈ। ਸੈਸ਼ਨ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਫਸਾਇਆ ਗਿਆ ਹੈ। ਐੱਫ ਆਈ ਆਰ ਬਿਲਕੁਲ ਝੂਠੀ ਹੈ। ਕੋਰਟ ਵੱਲੋਂ ਮਾਮਲੇ ’ਤੇ ਪਹਿਲੀ ਅਪਰੈਲ ਨੂੰ ਸੁਣਵਾਈ ਕਰਨ ਦੀ ਉਮੀਦ ਹੈ।