ਗ਼ਦਰੀ ਬਾਬਿਆਂ ਨੇ ਆਜ਼ਾਦੀ ਸੰਗਰਾਮ ਲਈ ਜਾਗਰੂਕ ਕੀਤਾ : ਪਰਮਿੰਦਰ, ਮਾੜੀਮੇਘਾ

0
14

ਖਡੂਰ ਸਾਹਿਬ: ਮਹਾਨ ਦੇਸ਼ ਭਗਤ ਗ਼ਦਰੀ ਬਾਬਾ ਸ਼ੇਰ ਸਿੰਘ ਦੀ ਸਾਲਾਨਾ ਬਰਸੀ ਸੀ ਪੀ ਆਈ ਬਲਾਕ ਖਡੂਰ ਸਾਹਿਬ ਅਤੇ ਉਨ੍ਹਾਂ ਦੇ ਪਰਵਾਰ ਦੇ ਮਨਿੰਦਰ ਸਿੰਘ ਉਰਫ ਮੰਨੇ ਵੱਲੋਂ ਪਿੰਡ ਵੇਈਂਪੂੰਈਂ ਵਿਖੇ ਭਗਵੰਤ ਸਿੰਘ ਤੇ ਸੰਤੋਖ ਕੌਰ ਵੇਈਂਪੂੰਈਂ ਅਤੇ ਮੇਜਰ ਸਿੰਘ ਦਾਰਾਪੁਰ ਦੀ ਪ੍ਰਧਾਨਗੀ ਹੇਠ ਮਨਾਈ ਗਈ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਸੀਨੀਅਰ ਟਰੱਸਟੀ ਡਾ. ਪਰਮਿੰਦਰ ਅਤੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਇਸ ਮੌਕੇ ਕਿਹਾ ਕਿ ਗ਼ਦਰੀਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਹਿੰਦੁਸਤਾਨ ਆਜ਼ਾਦ ਹੋਇਆ ਸੀ।ਗ਼ਦਰੀਆਂ ਨੇ ਦੇਸ਼ ਦੀ ਘੂਕ ਸੁੱਤੀ ਪਈ ਜਨਤਾ ਨੂੰ ਜਗਾਇਆ ਸੀ। ਵਿਦੇਸ਼ਾਂ ’ਚੋਂ 10000 ਦੇ ਕਰੀਬ ਗਦਰ ਪਾਰਟੀ ਦੇ ਸਿਪਾਹੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਆਏ ਸਨ।ਇਹਨਾਂ ਹਿੰਦੁਸਤਾਨੀਆਂ ਨੂੰ ਵਿਦੇਸ਼ਾਂ ਵਿੱਚ ਕਿਰਤ ਕਰਦਿਆਂ ਸੋਝੀ ਆਈ ਕਿ ਕਿਉ ਨਾ ਆਪਣਾ ਦੇਸ਼ ਆਜ਼ਾਦ ਕਰਾਇਆ ਜਾਵੇ। ਸਾਡੇ ਦੇਸ਼ ਦੀ ਧਨ-ਦੌਲਤ ਅੰਗਰੇਜ਼ ਲੁੱਟ ਕੇ ਆਪਣੇ ਦੇਸ਼ ਲਿਜਾ ਰਹੇ ਹਨ।ਵਿਦੇਸ਼ਾਂ ਵਿੱਚ ਕਿਰਤ ਕਰਨ ਗਿਆਂ ’ਚੋਂ ਵਧੇਰੇ ਪੰਜਾਬੀ ਸਨ। ਇਨ੍ਹਾਂ ਕਿਰਤੀਆਂ ਨੇ ਗਦਰ ਪਾਰਟੀ ਬਣਾਈ ਤੇ ਜਿਸ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਬਣੇ।ਗਦਰ ਪਾਰਟੀ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਜਾ ਕੇ ਅੰਗਰੇਜ਼ਾਂ ਨਾਲ ਹਥਿਆਰਬੰਦ ਟੱਕਰ ਲੈ ਕੇ ਦੇਸ਼ ਆਜ਼ਾਦ ਕਰਾਇਆ ਜਾਵੇ। ਆਗੂਆਂ ਨੇ ਕਿਹਾ ਕਿ ਗ਼ਦਰੀਆਂ ਦੀ ਸੋਚ ਸਿਰਫ਼ ਹਿੰਦੁਸਤਾਨ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਤੱਕ ਸੀਮਤ ਨਹੀਂ ਸੀ, ਉਹ ਤਾਂ ਦੇਸ਼ ਵਿੱਚ ਮਨੁੱਖੀ ਬਰਾਬਰਤਾ ਵਾਲਾ ਧਰਮਨਿਰਪੱਖ ਰਾਜ ਕਾਇਮ ਕਰਨ ਦੇ ਵਿਚਾਰ ਲੈ ਕੇ ਭਾਰਤ ਆਏ ਸਨ, ਪਰ ਅੰਗਰੇਜ਼ਾਂ ਨੇ ਜ਼ਿਆਦਾ ਗਦਰੀ ਸਮੁੰਦਰੀ ਜਹਾਜ਼ਾਂ ਤੋਂ ਉਤਰਦੇ ਸਾਰ ਹੀ ਗਿ੍ਰਫਤਾਰ ਕਰ ਲਏ ਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਜੇਲ੍ਹਾਂ ਵਿੱਚ ਗਾਲ ਦਿੱਤੀਆਂ।ਬਾਬਾ ਸ਼ੇਰ ਸਿੰਘ ਨੇ ਵੀ ਉਮਰ ਕੈਦ ਕੱਟਣ ਦੌਰਾਨ ਅੰਗਰੇਜ਼ ਜ਼ਾਲਮਾਂ ਦਾ ਘੋਰ ਤਸ਼ੱਦਦ ਝੱਲਿਆ ਸੀ। ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਦੇਵੀ ਕੁਮਾਰੀ, ਸਰਬ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਬੀਰ ਕੌਰ ਬਧਨੀ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਸਾਨੂੰ ਗ਼ਦਰੀਆਂ ਦੀ ਸੋਚ ਦਾ ਸਮਾਜ ਬਣਾਉਣ ਵਾਸਤੇ ਚੇਤੰਨ ਰੂਪ ਵਿੱਚ ਜਥੇਬੰਦ ਹੋਣਾ ਚਾਹੀਦਾ ਹੈ। ਮੌਜੂਦਾ ਕੇਂਦਰੀ ਹਕੂਮਤ ਹਿੰਦੁਸਤਾਨ ਦੇ ਆਵਾਮ ਵਿੱਚ ਜ਼ਹਿਰ ਘੋਲ ਰਹੀ ਹੈ। ਭਰਾ ਨੂੰ ਭਰਾ ਨਾਲ ਲੜਾਉਣ ਦਾ ਵਰਤਾਰਾ ਚੱਲ ਰਿਹਾ ਹੈ। ਬੀ ਜੇ ਪੀ ਸਰਕਾਰ ਦੇਸ਼ ਦੇ ਟੋਟੇ-ਟੋਟੇ ਕਰਨ ਦੇ ਰਾਹ ਤੁਰੀ ਹੈ, ਜਦੋਂ ਕਿ ਦੇਸ਼ ਦੀ ਵਸੋਂ ਗਰੀਬੀ ਅਤੇ ਬੇਰੁਜ਼ਗਾਰੀ ਦੀ ਦਲ-ਦਲ ਵਿੱਚ ਬੁਰੀ ਤਰ੍ਹਾਂ ਫਸੀ ਪਈ ਹੈ। ਹੁਣ ਤਾਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਹ ਹਾਲਾਤ ਹਨ ਕਿ ਵਿਦੇਸ਼ਾਂ ਵਿੱਚ ਸਾਡੇ ਬੱਚੇ ਜੋ ਰੁਜ਼ਗਾਰ ਲਈ ਗਏ ਹਨ, ਉਨ੍ਹਾਂ ਨੂੰ ਜ਼ਬਰਦਸਤੀ ਜਹਾਜ਼ਾਂ ਵਿੱਚ ਨੂੜ ਕੇ ਹਿੰਦੁਸਤਾਨ ਭੇਜਿਆ ਜਾ ਰਿਹਾ ਹੈ।
ਅਮਰੀਕਾ ਦੇ ਟਰੰਪ ਦੀ ਮਿਸਾਲ ਸਾਡੇ ਸਾਹਮਣੇ ਹੈ।ਇਸ ਲਈ ਆਪਣੇ ਦੇਸ਼ ਨੂੰ ਗ਼ਦਰੀ ਬਾਬਿਆਂ ਦੀ ਸੋਚ ਦਾ ਬਣਾਉਣ ਵਾਸਤੇ ਸੰਘਰਸ਼ ਕਰਨਾ ਪਵੇਗਾ।ਇਸ ਮੌਕੇ ਸੀ ਪੀ ਆਈ ਬਲਾਕ ਖਡੂਰ ਸਾਹਿਬ ਦੇ ਸਕੱਤਰ ਗੁਰਦਿਆਲ ਸਿੰਘ, ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਆਬਾਦ, ਘੁੱਕ ਸਿੰਘ ਤੇ ਭਗਵੰਤ ਸਿੰਘ ਵੇਈਂਪੂੰਈਂ, ਹਰਭਾਲ ਸਿੰਘ ਸੰਧਾਵਾਲੀਆ ਸਾਬਕਾ ਡੀ ਓ, ਜੱਗਾ ਸਿੰਘ ਤੇ ਜਸਵੰਤ ਸਿੰਘ ਖਡੂਰ ਸਾਹਿਬ, ਜਗੀਰ ਸਿੰਘ ਭਰੋਵਾਲ, ਦਰਸ਼ਨ ਸਿੰਘ ਬਿਹਾਰੀਪੁਰ ਨੇ ਵੀ ਸੰਬੋਧਨ ਕੀਤਾ।