ਸਰਕਾਰਾਂ ਨੇ ਗਰੀਬ ਅਤੇ ਮੱਧ ਵਰਗ ਦਾ ਕਚੰੂਮਰ੍ਰ ਕੱਢਿਆ : ਬਰਾੜ

0
103

ਜਲਾਲਾਬਾਦ (ਜੰਗੀਰ ਕੌਰ/ਜੀਤ ਕੁਮਾਰ)
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਲੋਕ ਘੋਲਾਂ ਦੇ ਸਿਰਕੱਢ ਆਗੂ ਕਾਮਰੇਡ ਆਲਾ ਸਿੰਘ ਦੀ 22ਵੀਂ ਬਰਸੀ ’ਤੇ ਅਨਾਜ ਮੰਡੀ ਜਲਾਲਾਬਾਦ ਵਿਖੇ ਕਿਸਾਨ ਕਾਨਫਰੰਸ ਅਤੇ ਇਨਕਲਾਬੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਆਲਾ ਸਿੰਘ ਨਾਲ ਕੰਮ ਕਰਨ ਵਾਲੇ ਬਜ਼ੁਰਗ ਆਗੂ ਕਾਮਰੇਡ ਅਮੀ ਚੰਦ ਲਮੋਚੜ, ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ੁਬੇਗ ਝੰਗੜਭੈਣੀ, ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਸੁਮਿੱਤਰਾ ਫਾਜ਼ਿਲਕਾ, ਨਰੇਗਾ ਮਜ਼ਦੂਰਾਂ ਦੇ ਜ਼ਿਲ੍ਹਾ ਆਗੂ ਨਰਿੰਦਰ ਢਾਬਾਂ ਅਤੇ ਬਲਾਕ ਗੁਰੂਹਰਸਹਾਏ ਦੇ ਸਕੱਤਰ ਬਲਵੰਤ ਚੌਹਾਣਾ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨ ਲਈ ਪਹੁੰਚੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਸੂਬੇ ’ਚ ਬਦਲਾਅ ਦੇ ਨਾਂਅ ’ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ, ਦੋਨਾਂ ਸਰਕਾਰਾਂ ਨੇ ਸੂਬੇ ਦੇ ਆਮ ਅਤੇ ਮੱਧ ਵਰਗ ਦਾ ਆਰਥਿਕ ਤੌਰ ’ਤੇ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਜਿਸ ਕਾਰਨ ਲੋਕ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਛੇੜੇ ਯੁੱਧ ਬਾਰੇ ਬੋਲਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਸੂਬੇ ਅੰਦਰ ਪੰਜਾਬ ਦੀ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦੇ ਨਾਂਅ ’ਤੇ ਆਮ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਘਰੋਂ ਬੇਘਰ ਕਰ ਰਹੀ ਹੈ। ਦੂਜੇ ਪਾਸੇ ਜਿਹੜੇ ਸਰਕਾਰ ਦੇ ਵਿਧਾਇਕ, ਵੱਡੇ ਅਫਸਰ ਅਤੇ ਸਿਆਸੀ ਹਸਤੀਆਂ ਨਸ਼ਾ ਤਸਕਰਾਂ ਤੋਂ ਹਿੱਸਾ ਲੈ ਰਹੀਆਂ ਹਨ, ਉਹਨਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ। ਕਾਮਰੇਡ ਬਰਾੜ ਨੇ ਕਿਹਾ ਕਿ ਪੰਜਾਬ ਦੀ ਪਾਰਟੀ ਵੱਲੋਂ ਦੇਸ਼ ਦੀ ਪਾਰਟੀ ਦਾ ਮਹਾਂ ਸੰਮੇਲਨ ਨੂੰ ਕਾਮਯਾਬ ਕਰਵਾਉਣ ਦੀ ਜ਼ਿੰਮੇਵਾਰੀ ਲਈ ਗਈ ਹੈ। ਸਮੁੱਚੇ ਪਾਰਟੀ ਵਰਕਰਾਂ ਦੀ ਮੁਢਲੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਕਾਮਯਾਬ ਕਰਨ ਲਈ ਆਪਣਾ ਅਹਿਮ ਯੋਗਦਾਨ ਪਾਉਣ। ਉਨ੍ਹਾਂ ਪੰਜਾਬ ਅਤੇ ਦੇਸ਼ ਦੀਆਂ ਸਮੂਹ ਕਮਿਊਨਿਸਟ ਪਾਰਟੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਸਾਮਰਾਜਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਇੱਕ ਮੰਚ ’ਤੇ ਇਕੱਠੀਆਂ ਹੋਣ, ਜੋ ਕਿ ਸਮੇਂ ਦੀ ਮੁੱਖ ਲੋੜ ਹੈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ ਨੇ ਕਿਹਾ ਕਿ ਕਾਮਰੇਡ ਆਲਾ ਸਿੰਘ, ਆਜ਼ਾਦੀ ਘੁਲਾਟੀਏ ਕਾਮਰੇਡ ਵਧਾਵਾ ਰਾਮ ਅਤੇ ਉਨ੍ਹਾਂ ਦੇ ਨਾਲ ਹੋਰ ਸਾਥੀਆਂ ਨੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਆਪਣੀ ਜ਼ਿੰਦਗੀ ਦਾ ਅਹਿਮ ਯੋਗਦਾਨ ਪਾਇਆ ਸੀ। ਹੁਣ ਦੇਸ਼ ਅਤੇ ਸੂਬਾ ਸਰਕਾਰਾਂ ਫਿਰ ਕਿਸਾਨਾਂ ਤੋਂ ਜ਼ਮੀਨਾਂ ਹੜੱਪਣ ਲਈ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆ ਰਹੀਆਂ ਹਨ, ਜਿਸ ਦਾ ਟਾਕਰਾ ਕਰਨ ਲਈ ਸਾਨੂੰ ਇੱਕਜੁੱਟ ਹੋਣਾ ਪਵੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਸੈਦੋਕਾ, ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀਵਾਲਾ, ਏ ਆਈ ਐਸ ਐਫ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ ਨੇ ਵੀ ਸੰਬੋਧਨ ਕੀਤਾ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਸਕੱਤਰ ਕਾਮਰੇਡ ਸੁਰਿੰਦਰ ਨੇ ਆਏ ਹੋਏ ਆਗੂਆਂ ਅਤੇ ਤਮਾਮ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਕਿਸਾਨ ਆਗੂ ਕਿ੍ਰਸ਼ਨ ਧਰਮੂ ਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਬਲਵੰਤ ਸਿੰਘ, ਜੰਮੂ ਰਾਮ ਬੰਨਵਾਲਾ, ਅਸ਼ੋਕ ਕੰਬੋਜ, ਨਰੇਗਾ ਆਗੂ ਬਲਵਿੰਦਰ ਮਹਾਲਮ, ਕੁਲਦੀਪ ਬੱਖੂਸ਼ਾਹ, ਗੁਰਦਿਆਲ ਢਾਬਾਂ, ਫਾਜ਼ਿਲਕਾ ਤੋਂ ਐੱਮ.ਸੀ. ਭਜਨ ਲਾਲ ਅਤੇ ਸੰਦੀਪ ਜੋਧਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਲੋਕ ਗਾਇਕ ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ, ਟੱਪੇ ਅਤੇ ਬੋਲੀਆਂ ਪੇਸ਼ ਕੀਤੀਆਂ ਗਈਆਂ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਛਿੰਦਰ ਮਹਾਲਮ ਨੇ ਬਾਖੂਬੀ ਨਿਭਾਈ।