ਮਹਾਰਾਸ਼ਟਰ ਦੀ ਮਸਜਿਦ ’ਚ ਧਮਾਕਾ

0
10

ਮੁੰਬਈ : ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੇ ਪਿੰਡ ਅਰਧ ਮਸਲਾ ਵਿੱਚ ਇੱਕ ਮਸਜਿਦ ’ਚ ਐਤਵਾਰ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਧਮਾਕੇ ਨਾਲ ਇਮਾਰਤ ਦੇ ਅੰਦਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਸੀ। ਪੁਲਸ ਨੇ ਇਸ ਮਾਮਲੇ ਵਿੱਚ ਬੀੜ ਦੇ ਗੇਵਰਾਈ ਦੇ ਵਸਨੀਕ ਵਿਜੈ ਰਾਮ (22) ਅਤੇ ਸ੍ਰੀਰਾਮ ਅਸ਼ੋਕ ਸਗਾੜੇ (24) ਨੂੰ ਗਿ੍ਰਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਨੇ ਆਪਣੇ ਇੰਸਟਾਗਰਾਮ ’ਤੇ ਘਟਨਾ ਦੀ ਫੋਟੋ ਪਾਈ ਸੀ, ਜਿਸ ਨਾਲ ਦੋਨੋਂ ਅੜਿੱਕੇ ਆ ਗਏ। ਧਮਾਕੇ ਤੋਂ ਬਾਅਦ ਮੁਸਲਮ ਭਾਈਚਾਰੇ ਦੇ ਲੋਕਾਂ ਨੇ ਥਾਣੇ ਦੇ ਬਾਹਰ ਪੋ੍ਰਟੈਸਟ ਕੀਤਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਲਾਕੇ ’ਚ ਸਥਿਤੀ ਤਣਾਅਪੂਰਨ ਬਣੀ ਹੋਈ ਸੀ, ਕਿਉਂਕਿ ਸੋਮਵਾਰ ਈਦ-ਉਲ-ਫਿਤਰ ਹੈ। ਪਿੰਡ ’ਚ ਪੁਲਸ ਦੀ ਨਫਰੀ ਵਧਾ ਦਿੱਤੀ ਗਈ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਬੰਦੇ ਨੇ ਪਿਛਲੇ ਪਾਸਿਓਂ ਮਸਜਿਦ ’ਚ ਦਾਖਲ ਹੋ ਕੇ ਜਿਲੇਟੀਨ ਛੜਾਂ ਨਾਲ ਧਮਾਕਾ ਕੀਤਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਪਤਾ ਲੱਗ ਗਿਆ ਹੈ ਕਿ ਇਹ ਧਮਾਕਾ ਕਿਸ ਨੇ ਕੀਤਾ। ਪੁਲਸ ਵੱਲੋਂ ਦਰਜ ਐੱਫ ਆਈ ਆਰ ਮੁਤਾਬਕ ਸ਼ਨਿੱਚਰਵਾਰ ਸ਼ਾਮ ਪਿੰਡ ਵਿੱਚ ਨਿਕਲੇ ਜਲੂਸ ਦੌਰਾਨ ਦੋ ਜਣਿਆਂ ਨੇ ਮਸਜਿਦ ਦੀ ਉਸਾਰੀ ’ਤੇ ਕਿੰਤੂ ਕੀਤਾ ਸੀ। ਉਨ੍ਹਾਂ ਫਿਰਕੂ ਖਿਚਾਅ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਪੁਲਸ ਨੇ ਸਥਿਤੀ ਸੰਭਾਲ ਲਈ।