ਲੁਧਿਆਣਾ, (ਐੱਮ ਐੱਸ ਭਾਟੀਆ)
ਨਸ਼ਿਆਂ ਦੀ ਅਲਾਮਤ ਉਤੇ ਆਖ਼ਰੀ ਹੱਲਾ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਹਜ਼ਾਰਾਂ ਨੌਜਵਾਨਾਂ ਨੂੰ ਹਲਫ਼ ਦਿਵਾਉਣ ਮਗਰੋਂ ਇਸ ਖ਼ਤਰੇ ਖ਼ਿਲਾਫ਼ ਜਨ-ਜਾਗਰੂਕਤਾ ਮੁਹਿੰਮ ਨੂੰ ਹਰੀ ਝੰਡੀ ਦਿਖਾਈ।ਨਸ਼ਿਆਂ ਦੀ ਅਲਾਮਤ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਾਰਚ ਪਾਸਟ ਲਈ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਨਸ਼ਿਆਂ ਵਿਰੁੱਧ ਫੈਸਲਾਕੁਨ ਜੰਗ ਹੈ ਅਤੇ ਅਸੀਂ ਸਾਰੇ ਸੂਬੇ ਵਿੱਚੋਂ ਇਸ ਸਰਾਪ ਦੇ ਖ਼ਾਤਮੇ ਦਾ ਅਹਿਦ ਲੈਂਦੇ ਹਾਂ।ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਹੋ ਗਿਆ ਅਤੇ ਹੁਣ ਸੂਬਾ ਸਰਕਾਰ ਚੁੱਪ ਕਰ ਕੇ ਨਹੀਂ ਬੈਠੇਗੀ ਅਤੇ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਤੇ ਚਿਤਾਵਾਂ ਉਤੇ ਤਸਕਰਾਂ ਨੂੰ ਵਧਦਾ-ਫੁੱਲਦਾ ਨਹੀਂ ਦੇਖੇਗੀ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ ਅਤੇ ਇਸ ਘਿਨਾਉਣੇ ਜੁਰਮ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਗਿਆ ਹੈ। ਉਨ੍ਹਾ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਗੈਰ-ਕਾਨੂੰਨੀ ਤਰੀਕਿਆਂ ਨਾਲ ਬਣਾਈ ਜਾਇਦਾਦ ਨੂੰ ਸੂਬਾ ਸਰਕਾਰ ਨੇ ਪਹਿਲੀ ਵਾਰ ਢਾਹਿਆ ਜਾਂ ਜ਼ਬਤ ਕੀਤਾ ਹੈ, ਤਾਂ ਕਿ ਇਹ ਹੋਰਨਾਂ ਨੂੰ ਇਸ ਕੰਮ ਵਿੱਚ ਆਉਣ ਤੋਂ ਰੋਕੇ।ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਜੰਗ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਵਟਸਐਪ ਹੈਲਪਲਾਈਨ ਨੰਬਰ 97791-00200 ਜਾਰੀ ਕੀਤਾ ਹੈ।