ਮੌਜੂਦਾ ਦੌਰ ‘ਚ ਪ੍ਰੈੱਸ ਦੀ ਆਜ਼ਾਦੀ ਸੁੰਗੜ ਗਈ : ਮਾਣਕ
ਜਲੰਧਰ (ਗਿਆਨ ਸੈਦਪੁਰੀ)
‘ਬੇਸ਼ੱਕ ਪੱਤਰਕਾਰਤਾ ਦੇ ਖੇਤਰ ਵਿੱਚ ਖ਼ਤਰੇ ਵਧੇਰੇ ਹਨ, ਉਂਝ ਜ਼ਿੰਦਗੀ ਦੇ ਹਰ ਖੇਤਰ ਵਿੱਚ ਖ਼ਤਰੇ ਹਨ। ਹਰੇਕ ਖੇਤਰ ਸਾਡੀ ਆਪਣੀ ਚੋਣ ਹੁੰਦਾ ਹੈ। ਪੱਤਰਕਾਰਤਾ ਦੇ ਖੇਤਰ ਵਿੱਚ ਜਿੱਥੇ ਮਾਣ-ਸਨਮਾਨ ਮਿਲਦਾ ਹੈ, ਉੱਥੇ ਖ਼ਤਰੇ ਵੀ ਸੁਭਾਵਕ ਹਨ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਪੱਤਰਕਾਰੀ ਵਿੱਚ ਵੱਡਾ ਮੁਰਾਤਬਾ ਹਾਸਲ ਕਰਨ ਵਾਲੇ ਜਤਿੰਦਰ ਪਨੂੰ ਨੇ ਕੀਤਾ। ਉਹ ਐਤਵਾਰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ‘ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ’ ਸੰਬੰਧੀ ਹੋਏ ਇੱਕ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਇੱਕ ਹਵਾਈ ਹਾਦਸੇ ਅਤੇ ਹਵਾਈ ਜਹਾਜ਼ ਦੇ ਅਮਲੇ ਦੇ ਵਿਚਰਨ ਵਰਤਾਰੇ ਦੇ ਹਵਾਲੇ ਨਾਲ ਕਿਹਾ ਕਿ ਔਕੜ ਵੇਲੇ ਚਿਹਰਿਆਂ ‘ਤੇ ਡਰ ਦੀ ਲਕੀਰ ਨੂੰ ਉਭਰਨ ਨਾ ਦਿੱਤਾ ਜਾਵੇ। ਔਖੀ ਘੜੀ ਵੇਲੇ ਮਾਨਸਿਕ ਤੇ ਸਰੀਰਕ ਤੌਰ ‘ਤੇ ਸੰਭਲਦਿਆਂ ਅਡੋਲ ਰਹਿਣਾ ਸਾਡੀ ਪ੍ਰਪੱਕਤਾ ਦੀ ਨਿਸ਼ਾਨੀ ਹੁੰਦੀ ਹੈ।
ਪ੍ਰੈੱਸ ਦੀ ਆਜ਼ਾਦੀ ਦੇ ਸੰਦਰਭ ਵਿੱਚ ਗੱਲ ਕਰਦਿਆਂ ਪਨੂੰ ਨੇ ਕਿਹਾ ਕਿ ਪ੍ਰੈੱਸ ਸੰਪੂਰਨ ਆਜ਼ਾਦ ਕਿਧਰੇ ਵੀ ਨਹੀਂ ਹੈ। ਅਜਿਹੀਆਂ ਪ੍ਰਸਥਿਤੀਆਂ ਵਿੱਚ ਪੱਤਰਕਾਰ ਭਾਈਚਾਰੇ ਨੂੰ ਆਪਸੀ ਸਹਿਯੋਗ ਅਤੇ ਮੇਲ-ਮਿਲਾਪ ਦੇ ਸੁਹਿਰਦਤਾ ਭਰੇ ਵਰਤਾਰੇ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਪਨੂੰ ਨੇ ਨਵੇਂ ਪੱਤਰਕਾਰਾਂ ਨੂੰ ਸੁਝਾਅ ਦਿੱਤਾ ਕਿ ਪੁਰਾਣੇ ਪੱਤਰਕਾਰਾਂ ਦੀ ਘਾਲਣਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਦੇ ਮੁਸ਼ਕਲ ਦੌਰ ਦੇ ਸਫ਼ਰ ਤੋਂ ਬਾਅਦ ਹੀ ਕੁਝ ਆਸਾਨ ਸਮਿਆਂ ਵਿੱਚ ਦਾਖਲ ਹੋਏ ਹਾਂ। ਉਨ੍ਹਾ ਕਿਹਾ ਕਿ ਪੱਤਰਕਾਰਤਾ ਵਿੱਚ ਸਾਡੇ ਪੁਰਖੇ ਹੀ ਸਨ, ਜੋ ਕਿਸ਼ਤੀ ਨੂੰ ਤੂਫਾਨ ਵਿੱਚੋਂ ਬਾਹਰ ਲਿਆਏ ਸਨ। ਉਨ੍ਹਾ ਕਿਹਾ ਕਿ ਉਹ ਖੁਦ ਕੁਝ ਸੁਖਾਲੇ ਦੌਰ ਵਿੱਚ ਇਸ ਖੇਤਰ ਵਿੱਚ ਆਏ ਸਨ। ਪੱਤਰਕਾਰੀ ਖੇਤਰ ਵਿੱਚ ਆਪਣੇ ਸਫ਼ਰ ਦੀ ਗੱਲ ਕਰਦਿਆਂ ਜਤਿੰਦਰ ਪਨੂੰ ਨੇ ਕਿਹਾ ਕਿ ਉਨ੍ਹਾ ਨੇ ਪਹਿਲਾ ਲੇਖ 1978 ਵਿੱਚ ਲਿਖਿਆ, ਜੋ ‘ਨਵਾਂ ਜ਼ਮਾਨਾ’ ਵਿੱਚ ਛਪਿਆ ਸੀ। ਇੱਕ ਵਾਰ ‘ਨਵ ਭਾਰਤ ਟਾਈਮਜ਼’ ਵਾਲੇ ਮਾਥਰ ਸਾਹਿਬ ਨੇ ਆਪਣੀ ਅਖ਼ਬਾਰ ਵਿੱਚ ਲਿਖਣ ਲਈ ਇਸਰਾਰ ਕੀਤਾ ਸੀ। ਉਨ੍ਹਾ ਕਿਹਾ ਕਿ 1991 ਵਿੱਚ ਉਹ ‘ਨਵਾਂ ਜ਼ਮਾਨਾ’ ਵਿੱਚ ਆ ਗਏ ਸਨ। 1992 ਵਿੱਚ ਰੇਡੀਓ ਅਤੇ 1995 ਵਿੱਚ ਦੂਰਦਰਸ਼ਨ ‘ਤੇ ਆਉਣਾ ਸ਼ੁਰੂ ਕੀਤਾ। ਇੱਥੇ ਲੰਮਾ ਸਮਾਂ ਕੰਮ ਕੀਤਾ। ਇਸ ਸਮੇਂ ਦੌਰਾਨ ਪੱਤਰਕਾਰੀ ਦੀ ਆਜ਼ਾਦੀ ਬਾਰੇ ਬੜਾ ਕੁਝ ਸੁਣਿਆ ਤੇ ਹੱਡੀਂ ਹੰਢਾਇਆ ਵੀ। ਅਕਾਲੀ ਦਲ ਦੀ ਸਰਕਾਰ ਹੋਵੇ ਤੇ ਭਾਵੇਂ ਕਾਂਗਰਸ ਦੀ ਹੋਵੇ, ਮੈਨੂੰ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਪੰਜਾਬ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰੈੱਸ ਦੀ ਆਜ਼ਾਦੀ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਖ਼ਤਰੇ ਵਿੱਚ ਤਾਂ ਹੋਰ ਖੇਤਰ ਵੀ ਹਨ, ਪਰ ਕਿਉਂਕਿ ਪ੍ਰੈੱਸ ਨੇ ਸੱਤਾਧਾਰੀ ਧਿਰ ‘ਤੇ ਨਜ਼ਰ ਰੱਖਣੀ ਹੁੰਦੀ ਹੈ, ਇਸ ਲਈ ਇਹ ਵਧੇਰੇ ਖ਼ਤਰੇ ਵਿੱਚ ਹੈ। ਉਨ੍ਹਾ ਕਿਹਾ ਕਿ ਪ੍ਰੈੱਸ ਦੀ ਤਕਨੀਕ ਵਿੱਚ ਤਾਂ ਬਹੁਤ ਫਰਕ ਆਇਆ ਹੈ, ਪਰ ਸੱਤਾਧਾਰੀਆਂ ਦੇ ਵਤੀਰੇ ਵਿੱਚ ਕੋਈ ਫਰਕ ਨਹੀਂ ਪਿਆ। ਮਾਣਕ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਪ੍ਰੈੱਸ ਦੀ ਆਜ਼ਾਦੀ ਸੁੰਗੜ ਗਈ ਹੈ। ਉਨ੍ਹਾ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿੱਚ ਸਾਡਾ ਦੇਸ਼ ਹੋਰ ਹੇਠਲੇ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੇ ਮੁੱਖ ਬੁਲਾਰੇ ਜਤਿੰਦਰ ਪਨੂੰ ਹੁਰੀਂ ‘ਨਵਾਂ ਜ਼ਮਾਨਾ’ ਨਾਲ ਲੰਮੇ ਸਮੇਂ ਤੋਂ ਜੁੜੇ ਰਹੇ ਹਨ। ਕਿਸੇ ਵੇਲੇ ‘ਨਵਾਂ ਜ਼ਮਾਨਾ’ ਨੂੰ ਪੱਤਰਕਾਰਤਾ ਦੀ ਯੂਨੀਵਰਸਿਟੀ ਆਖਿਆ ਜਾਂਦਾ ਸੀ। ‘ਨਵਾਂ ਜ਼ਮਾਨਾ’ ਦਾ ਸਫ਼ਰ ਨਿਰੰਤਰ ਜਾਰੀ ਹੈ। ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਜਨਰਲ ਸਕੱਤਰ ਪੁਨੀਤ ਸਹਿਗਲ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਈ ਸਭ ਦਾ ਧੰਨਵਾਦ ਕੀਤਾ। ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਨੇ ਸਟੇਜ ਸਕੱਤਰ ਦੇ ਫਰਜ਼ ਨਿਭਾਏ। ਸਮਾਗਮ ਵਿੱਚ ਪੱਤਰਕਾਰ ਮਿਹਰ ਮਲਿਕ, ਰਾਜੇਸ਼ ਸ਼ਰਮਾ ਅਤੇ ਦਵਿੰਦਰ ਕੁਮਾਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਜਤਿੰਦਰ ਪੰਮੀ, ਲਖਵਿੰਦਰ ਆਧੀ, ਰੋਹਿਤ ਸਿੱਧੂ, ਸੌਰਵ, ਰਸ਼ਪਾਲ ਸਿੰਘ, ਇੰਦਰਜੀਤ ਸਿੰਘ ਆਰਟਿਸਟ, ਵਰੇਸ਼ ਕੁਮਾਰ ਸ਼ੈਲੀ ਆਦਿ ਮੌਜੂਦ ਸਨ।





