ਨਵੀਂ ਦਿੱਲੀ : ਦਿੱਲੀ ਪੁਲਸ ਨੇ ਹਰਿਆਣਾ ਦੇ ਕੁਰੁਕਸ਼ੇਤਰ ਦੇ 36 ਸਾਲਾ ਏਜੰਟ ਗਗਨਦੀਪ ਨੂੰ ਗਿ੍ਰਫਤਾਰ ਕੀਤਾ ਹੈ, ਜੋ ਵਿਦੇਸ਼ ਯਾਤਰਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਲਈ ਜਾਲ੍ਹੀ ਪੋਲੈਂਡ ਵੀਜ਼ਾ ਦਾ ਪ੍ਰਬੰਧ ਕਰਨ ਵਿੱਚ ਸ਼ਾਮਲ ਸੀ। ਉਹ 2021 ਵਿੱਚ ਦਰਜ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇੱਕ ਹੋਰ ਏਜੰਟ ਕੁਲਵਿੰਦਰ ਦੀ ਗਿ੍ਰਫਤਾਰੀ ਤੋਂ ਬਾਅਦ ਉਹ ਫਰਾਰ ਸੀ। ਐਡੀਸ਼ਨਲ ਪੁਲਸ ਕਮਿਸ਼ਨਰ (ਆਈ ਜੀ ਆਈ ਹਵਾਈ ਅੱਡਾ) ਊਸ਼ਾ ਰਾਗਨਾਨੀ ਨੇ ਦੱਸਿਆ ਕਿ 6 ਸਤੰਬਰ, 2021 ਨੂੰ ਪੰਜਾਬ ਤੋਂ ਦੋ ਯਾਤਰੀ ਚੰਦਰ ਪ੍ਰਕਾਸ਼ (22) ਅਤੇ ਸਰਬਜੀਤ (23) ਪੋਲੈਂਡ ਜਾਣ ਲਈ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ। ਇਮੀਗ੍ਰੇਸ਼ਨ ਕਲੀਅਰੈਂਸ ਦੌਰਾਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਾਸਪੋਰਟਾਂ ’ਤੇ ਨਕਲੀ ਪੋਲੈਂਡ ਵੀਜ਼ਾ ਲੱਗੇ ਹੋਏ ਮਿਲੇ। ਦੋਵਾਂ ਯਾਤਰੀਆਂ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਕੁਲਵਿੰਦਰ ਨੂੰ 3-3 ਲੱਖ ਰੁਪਏ ਦਿੱਤੇ ਸਨ, ਜਿਸ ਨੇ ਪੋਲੈਂਡ ਰਾਹੀਂ ਪੁਰਤਗਾਲ ਦੀ ਉਨ੍ਹਾਂ ਦੀ ਯਾਤਰਾ ਨੂੰ ਸੌਖਾ ਬਣਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੁਲਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਜਾਲ੍ਹੀ ਵੀਜ਼ੇ ਅਤੇ ਯਾਤਰਾ ਟਿਕਟਾਂ ਦਾ ਪ੍ਰਬੰਧ ਕੀਤਾ ਸੀ।