ਅਨੁਰਾਗ ਦੀ ਖੜਗੇ ਖਿਲਾਫ ਟਿੱਪਣੀ ’ਤੇ ਆਪੋਜ਼ੀਸ਼ਨ ਦਾ ਰਾਜ ਸਭਾ ’ਚੋਂ ਵਾਕਆਊਟ

0
11

ਨਵੀਂ ਦਿੱਲੀ : ਭਾਜਪਾ ਦੇ ਲੋਕ ਸਭਾ ਮੈਂਬਰ ਅਨੁਰਾਗ ਠਾਕੁਰ ਵੱਲੋਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਖਿਲਾਫ ਕੀਤੀਆਂ ਟਿੱਪਣੀਆਂ ਦੇ ਰੋਸ ਵਜੋਂ ਬੀਜੂ ਜਨਤਾ ਦਲ (ਬੀ ਜੇ ਡੀ) ਸਣੇ ਪੂਰੀ ਵਿਰੋਧੀ ਧਿਰ ਸਦਨ ’ਚੋਂ ਵੀਰਵਾਰ ਵਾਕਆਊਟ ਕਰ ਗਈ। ਸਿਫਰ ਕਾਲ ਤੋਂ ਥੋੜ੍ਹੀ ਦੇਰ ਪਹਿਲਾਂ ਬੋਲਦੇ ਹੋਏ ਖੜਗੇ, ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਅਨੁਰਾਗ ਠਾਕੁਰ ਨੇ ਲੋਕ ਸਭਾ ਵਿੱਚ ਉਨ੍ਹਾ ਬਾਰੇ ਜੋ ਕੁਝ ਕਿਹਾ ਸੀ, ਉਸ ਤੋਂ ਉਨ੍ਹਾ ਨੂੰ ਬਹੁਤ ਦੁੱਖ ਹੋਇਆ ਹੈ। ਖੜਗੇ ਨੇ ਕਿਹਾ ਕਿ ਉਨ੍ਹਾ ਦਾ ਪੂਰਾ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਰਿਹਾ ਹੈ ਅਤੇ ਜੇ ਅਨੁਰਾਗ ਠਾਕੁਰ ਇਹ ਸਾਬਤ ਕਰ ਸਕਣ ਕਿ ਉਨ੍ਹਾ (ਖੜਗੇ) ਜਾਂ ਉਨ੍ਹਾ ਦੇ ਬੱਚਿਆਂ ਨੇ ਵਕਫ ਜ਼ਮੀਨ ਦੀ ਇੱਕ ਇੰਚ ’ਤੇ ਵੀ ਕਬਜ਼ਾ ਕੀਤਾ ਹੈ ਤਾਂ ਉਹ ਜਨਤਕ ਜੀਵਨ ਤੋਂ ਸੰਨਿਆਸ ਲੈ ਲੈਣਗੇ। ਖੜਗੇ ਨੇ ਕਿਹਾ ਕਿ ਜੇ ਅਨੁਰਾਗ ਠਾਕੁਰ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਲੋਕ ਸਭਾ ਵਿੱਚ ਸਦਨ ਦੇ ਨੇਤਾ ਨੂੰ ਠਾਕੁਰ ਵੱਲੋਂ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।