ਨਹੀਂ ਰਹੇ ਫ਼ਿਲਮ ਇੰਡਸਟਰੀ ਦੇ ‘ਭਾਰਤ’

0
10

ਮੁੰਬਈ : ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ (87) ਦਾ ਸ਼ੁੱਕਰਵਾਰ ਵੱਡੇ ਤੜਕੇ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ‘ਸ਼ਹੀਦ’, ‘ਉਪਕਾਰ’ ਅਤੇ ‘ਪੂਰਬ ਔਰ ਪਸ਼ਚਿਮ’ ਜਿਹੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਕਰਕੇ ‘ਭਾਰਤ ਕੁਮਾਰ’ ਦੇ ਨਾਂਅ ਨਾਲ ਵੀ ਮਕਬੂਲ ਸਨ। ਉਸ ਨੇ 1960ਵਿਆਂ ਦੇ ਅਖੀਰ ਤੇ 1970 ਦੇ ਦਹਾਕੇ ਦੌਰਾਨ ਕਈ ਸ਼ਾਨਦਾਰ ਫਿਲਮਾਂ ਨਾਲ ਬਾਕਸ ਆਫਿਸ ’ਤੇ ਰਾਜ ਕੀਤਾ। ਮਨੋਜ ਕੁਮਾਰ ਦੇ ਪਰਵਾਰਕ ਦੋਸਤ ਤੇ ਫਿਲਮਸਾਜ਼ ਅਸ਼ੋਕ ਪੰਡਤ ਨੇ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਵੱਡੇ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਕੋਕਿਲਾਬੇਨ ਅੰਬਾਨੀ ਹਸਪਤਾਲ ਵਿੱਚ ਆਖਰੀ ਸਾਹ ਲਏ। ਉਸ ਦੇ ਪੁੱਤਰ ਕੁਨਾਲ ਨੇ ਦੱਸਿਆ ਕਿ ਉਸ ਦੇ ਪਿਤਾ ਕੁਝ ਸਾਲਾਂ ਤੋਂ ਮੰਜੇ ’ਤੇ ਹੀ ਸਨ। ਇਸ ਦੌਰਾਨ ਉਨ੍ਹਾ ਦਾ ਹਸਪਤਾਲ ਆਉਣਾ-ਜਾਣਾ ਲੱਗਿਆ ਰਿਹਾ ਤੇ ਹਾਲ ਹੀ ਵਿੱਚ ਉਨ੍ਹਾ ਨੂੰ ਨਿਮੋਨੀਆ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਮਨੋਜ ਕੁਮਾਰ ਨੂੰ ਹਿੱਟ ਫਿਲਮਾਂ ‘ਦੋ ਬਦਨ’, ‘ਹਰਿਆਲੀ ਔਰ ਰਾਸਤਾ’ ਤੇ ‘ਗੁਮਨਾਮ’ ਲਈ ਵੀ ਜਾਣਿਆ ਜਾਂਦਾ ਹੈ। ਮਨੋਜ ਕੁਮਾਰ ਦਾ ਅਸਲ ਨਾਂਅ ਹਰੀਕਿ੍ਰਸ਼ਨ ਗੋਸਵਾਮੀ ਸੀ ਤੇ ਉਸ ਦਾ ਜਨਮ ਅਣਵੰਡੇ ਭਾਰਤ ਦੇ ਐਬਟਾਬਾਦ (ਪਾਕਿਸਤਾਨ) ਵਿੱਚ ਪੰਜਾਬੀ ਹਿੰਦੂ ਪਰਵਾਰ ਵਿਚ ਹੋਇਆ ਸੀ। ਕੁਮਾਰ ਦਾ ਪਰਵਾਰ ਦੇਸ਼ ਵੰਡ ਦੌਰਾਨ ਦਿੱਲੀ ਆਇਆ ਸੀ। ਉਸ ਨੇ ਮੁੰਬਈ ਵਿੱਚ ਫ਼ਿਲਮਾਂ ’ਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਦਿੱਲੀ ਦੇ ਹਿੰਦੂ ਕਾਲਜ ਤੋਂ ਗਰੈਜੂਏਸ਼ਨ ਕੀਤੀ ਸੀ।