ਬੀਜਿੰਗ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਠੋਕੇ ਟੈਰਿਫਾਂ ਦਾ ਜਵਾਬ ਦਿੰਦਿਆਂ ਚੀਨ ਨੇ ਸ਼ੁੱਕਰਵਾਰ ਅਮਰੀਕੀ ਮਾਲ ’ਤੇ ਵਾਧੂ ਟੈਰਿਫ ਤੇ ਰੋਕਾਂ ਲਾਉਣ ਦਾ ਐਲਾਨ ਕੀਤਾ। ਟਰੰਪ ਵੱਲੋਂ ਟੈਰਿਫ ਵਧਾਉਣ ਤੋਂ ਬਾਅਦ ਚੀਨ ਪਹਿਲਾ ਦੇਸ਼ ਹੈ, ਜਿਸ ਨੇ ‘ਜੈਸੇ ਕੋ ਤੈਸਾ’ ਵਾਲੇ ਫਾਰਮੂਲੇ ਤਹਿਤ ਜਵਾਬੀ ਕਾਰਵਾਈ ਕੀਤੀ ਹੈ। ਚੀਨ ਦੇ ਸਟੇਟ ਕੌਂਸਲ ਟੈਰਿਫ ਕਮਿਸ਼ਨ ਨੇ ਕਿਹਾ ਹੈ ਕਿ ਅਮਰੀਕੀ ਕਾਰਵਾਈ ਕੌਮਾਂਤਰੀ ਵਪਾਰ ਨੇਮਾਂ ਦੇ ਮੁਤਾਬਕ ਨਹੀਂ ਅਤੇ ਚੀਨ ਦੇ ਵਾਜਬ ਹੱਕਾਂ ਤੇ ਹਿੱਤਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਚੀਨ ਅਮਰੀਕੀ ਮਾਲ ’ਤੇ 10 ਅਪ੍ਰੈਲ ਤੋਂ ਹੋਰ 34 ਫੀਸਦੀ ਟੈਰਿਫ ਲਾਗੂ ਕਰੇਗਾ। ਚੀਨ ਨੇ ਸਮਾਰਿਅਮ, ਗੈਡੋਲੀਨਿਅਮ, ਟਰਬਿਅਮ, ਡਿਸਪਰੋਸਿਅਮ, ਲੁਟੇਨਿਅਮ, ਸਕੈਂਡਿਅਮ ਤੇ ਤਿਰੀਅਮ ਵਰਗੇ ਦਰਮਿਆਨੇ ਤੇ ਭਾਰੀ ਖਣਿਜਾਂ ਦੀ ਅਮਰੀਕਾ ਨੂੰ ਬਰਾਮਦ ’ਤੇ ਚਾਰ ਅਪ੍ਰੈਲ ਤੋਂ ਹੀ ਕੰਟਰੋਲ ਦਾ ਐਲਾਨ ਕੀਤਾ ਹੈ। ਇਨ੍ਹਾਂ ਦੀ ਕੰਪਿਊਟਰ ਚਿੱਪਾਂ ਤੇ ਇਲੈਕਟਿ੍ਰਕ ਵਹੀਕਲਾਂ ਦੀਆਂ ਬੈਟਰੀਆਂ ’ਚ ਵਰਤੋਂ ਹੁੰਦੀ ਹੈ। ਵਣਜ ਮੰਤਰਾਲੇ ਨੇ ਕਿਹਾ ਹੈ ਕਿ ਇਹ ਕੰਟਰੋਲ ਕੌਮੀ ਸੁਰੱਖਿਆ ਤੇ ਹਿੱਤਾਂ ਦੀ ਰਾਖੀ ਅਤੇ ਨਿਸ਼ਸਤਰੀਕਰਨ ਪ੍ਰਤੀ ਕੌਮਾਂਤਰੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਲਾਗੂ ਕੀਤੇ ਗਏ ਹਨ। ਚੀਨੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਹ 27 ਹੋਰ ਅਮਰੀਕੀ ਕੰਪਨੀਆਂ ’ਤੇ ਰੋਕਾਂ ਲਾਵੇਗੀ। ਉਹ ਅਮਰੀਕੀ ਟੈਰਿਫਾਂ ਖਿਲਾਫ ਸੰਸਾਰ ਵਪਾਰ ਜਥੇਬੰਦੀ (ਡਬਲਿਊ ਟੀ ਓ) ਵਿੱਚ ਕੇਸ ਵੀ ਕਰੇਗੀ।
ਚੀਨ ਵੱਲੋਂ ਕੀਤੀ ਗਈ ਇਸ ਜਵਾਬੀ ਕਾਰਵਾਈ ਨਾਲ ਅਮਰੀਕਾ ਦਾ ਸ਼ੇਅਰ ਬਾਜ਼ਾਰ ਲੜਖੜਾ ਗਿਆ।