ਮੁੰਬਈ : 2008 ਮਾਲੇਗਾਓਂ ਧਮਾਕਾ ਕੇਸ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਐੱਨ ਆਈ ਏ ਕੋਰਟ ਦੇ ਜੱਜ ਏ ਕੇ ਲਾਹੋਟੀ ਨੂੰ ਨਾਸਿਕ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾ ਨੂੰ ਜ਼ਿਲ੍ਹਾ ਜੱਜਾਂ ਦੇ ਸਾਲਾਨਾ ਆਮ ਤਬਾਦਲੇ ਤਹਿਤ ਅਜਿਹੇ ਮੌਕੇ ਬਦਲਿਆ ਗਿਆ ਹੈ ਜਦੋਂ ਕੋਰਟ ਇਸ ਮਾਮਲੇ ਵਿੱਚ ਅਗਲੇ ਦਿਨਾਂ ਵਿਚ ਫੈਸਲਾ ਰਾਖਵਾਂ ਰੱਖ ਸਕਦੀ ਹੈ। ਬੰਬੇ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵੱਲੋਂ ਲਾਹੋਟੀ ਤੇ ਹੋਰਨਾਂ ਜੱਜਾਂ ਦੇ ਤਬਾਦਲੇ ਸੰਬੰਧੀ ਹੁਕਮ 9 ਜੂਨ ਨੂੰ ਗਰਮੀ ਦੀਆਂ ਛੁੱਟੀਆਂ ਮਗਰੋਂ ਕੋਰਟ ਮੁੜ ਖੁੱਲ੍ਹਣ ਤੋਂ ਲਾਗੂ ਹੋਣਗੇ। ਬਚਾਅ ਪੱਖ ਦੇ ਇਕ ਵਕੀਲ ਨੇ ਕਿਹਾ ਕਿ ਮਾਲੇਗਾਓਂ ਧਮਾਕਾ ਕੇਸ ਦੀ ਸ਼ਨਿੱਚਰਵਾਰ ਨੂੰ ਹੋਈ ਆਖਰੀ ਸੁਣਵਾਈ ਦੌਰਾਨ ਜੱਜ ਲਾਹੋਟੀ ਨੇ ਇਸਤਗਾਸਾ ਅਤੇ ਬਚਾਅ ਪੱਖ ਨੂੰ ਬਾਕੀ ਦਲੀਲਾਂ 15 ਅਪਰੈਲ ਤੱਕ ਸਮੇਟਣ ਦਾ ਨਿਰਦੇਸ਼ ਦਿੱਤਾ ਸੀ ਅਤੇ ਅਗਲੇ ਦਿਨ ਫੈਸਲੇ ਲਈ ਮਾਮਲੇ ਨੂੰ ਰਾਖਵਾਂ ਰੱਖਣ ਦੀ ਉਮੀਦ ਕੀਤੀ ਜਾਂਦੀ ਸੀ।
ਚੇਤੇ ਰਹੇ ਕਿ ਉੱਤਰੀ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਮੁੰਬਈ ਤੋਂ ਲੱਗਭੱਗ 200 ਕਿਲੋਮੀਟਰ ਦੂਰ ਸਥਿਤ ਕਸਬੇ ਮਾਲੇਗਾਓਂ ਵਿੱਚ 29 ਸਤੰਬਰ, 2008 ਨੂੰ ਇੱਕ ਮਸਜਿਦ ਨੇੜੇ ਮੋਟਰਸਾਈਕਲ ’ਤੇ ਬੰਨ੍ਹੇ ਹੋਏ ਵਿਸਫੋਟਕ ਯੰਤਰ ਦੇ ਫਟਣ ਨਾਲ 6 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ।
ਭਾਜਪਾ ਆਗੂ ਪ੍ਰਗਿਆ ਠਾਕੁਰ, ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਅਤੇ ਪੰਜ ਹੋਰਾਂ ’ਤੇ ਇਸ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਸਖ਼ਤ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਅਤੇ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਵਿੱਚ ਮਹਾਰਾਸ਼ਟਰ ਅੱਤਵਾਦ ਵਿਰੋਧੀ ਦਸਤੇ ਵੱਲੋਂ ਕੀਤੀ ਗਈ ਸੀ ਅਤੇ 2011 ਵਿੱਚ ਇਹ ਕੇਸ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੂੰ ਤਬਦੀਲ ਕਰ ਦਿੱਤਾ ਗਿਆ ਸੀ।