ਮੋਦੀ ਸਰਕਾਰ ਘੱਟ-ਗਿਣਤੀਆਂ ਦੇ ਧਾਰਮਕ ਮਸਲਿਆਂ ’ਚ ਦਖਲ ਦੇ ਕੇ ਜਮਹੂਰੀ ਹੱਕਾਂ ਦੀਆਂ ਧੱਜੀਆਂ ਉਡਾ ਰਹੀ : ਸੀ ਪੀ ਆਈ

0
15

ਚੰਡੀਗੜ੍ਹ : ਪੰਜਾਬ ਸੀ ਪੀ ਆਈ ਨੇ ਮੋਦੀ ਸਰਕਾਰ ਵੱਲੋਂ ਵਕਫ ਬੋਰਡ ਵਿਚ ਗੈਰ-ਜਮਹੂਰੀ ਅਤੇ ਗੈਰ-ਵਿਧਾਨਕ ਤਬਦੀਲੀਆਂ ਬਾਰੇ ਟਿੱਪਣੀ ਕਰਦਿਆਂ ਆਖਿਆ ਕਿ ਗੌਡਸੇਵਾਦੀ ਸਰਕਾਰ ਘੱਟ-ਗਿਣਤੀਆਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦੇ ਕੇ ਦੇਸ਼ ਦੇ ਸ਼ਾਂਤੀਪੂਰਵਕ ਸੈਕੂਲਰ ਮਹੌਲ ਨੂੰ ਬਰਬਾਦ ਕਰਕੇ ਫਿਰਕੂ ਤਣਾਅ ਵਧਾ ਰਹੀ ਹੈ। ਇਥੇ ਪੰਜਾਬ ਸਟੇਟ ਐਗਜ਼ੈਕਟਿਵ ਦੀ ਮੀਟਿੰਗ, ਜਿਹੜੀ ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਨੇ ਵਕਫ ਬੋਰਡ ਵਿਚ ਤਰਮੀਮ ਕਰਕੇ ਤਕੜੀ ਗਿਣਤੀ ਵਿਚ ਗੈਰ-ਮੁਸਲਿਮ ਵਿਅਕਤੀਆਂ ਨੂੰ ਚੁਣਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਉਹ 14 ਅਪਰੈਲ ਨੂੰ ਬਾਬਾ ਸਾਹਿਬ ਡਾ. ਅੰਬੇਦਕਰ ਦੇ ਜਨਮ ਦਿਨ ’ਤੇ ਸੈਕੂਲਰਿਜ਼ਮ, ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਸੰਵਿਧਾਨ ਬਚਾਉਣ ਵਾਸਤੇ ਰੋਸ ਪ੍ਰਗਟ ਕਰਨ। ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਹਾਲਤ ਬਾਰੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਨੇ ਕਿਹਾ ਕਿ ਮਾਨ ਸਰਕਾਰ ਕੇਜਰੀਵਾਲ ਦੀ ਅਗਵਾਈ ਵਿਚ ਭਾਜਪਾ ਸਰਕਾਰ ਦੀ ਨਕਲ ਕਰਦੀ ਹੋਈ ‘ਬੁਲਡੋਜ਼ਰ’ ਅਤੇ ਝੂਠੇ ਪੁਲਸ ਮੁਕਾਬਲਿਆਂ ਦੀ ਨੀਤੀ ’ਤੇ ਚੱਲ ਰਹੀ ਹੈ। ਪੁਲਸ, ਰਾਜਸੀ ਆਗੂਆਂ ਅਤੇ ਡਰੱਗ ਮਾਫੀਆ ਦੇ ਗਠਜੋੜ ਨੂੰ ਤੋੜਨ ਦੀ ਥਾਂ ਇਹ ਸਰਕਾਰ ਛੋਟੇ-ਮੋਟੇ ਨਸ਼ੇੜੀਆਂ ਦੇ ਘਰਾਂ ਨੂੰ ਢਾਹ ਰਹੀ ਹੈ, ਕਿਸੇ ਵੀ ਵੱਡੇ ਅਫਸਰ ਜਾਂ ਰਾਜਨੀਤਕ ਆਗੂ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ। ਇਸੇ ਪ੍ਰਕਾਰ ਯੋਗੀ ਅਦਿੱਤਿਆ ਨਾਥ ਦੀ ਝੂਠੇ ਮੁਕਾਬਲੇ ਬਣਾ ਕੇ ਇਨਕਾਊਂਟਰਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨਾਂ ਦੇ ਪੁਰਅਮਨ ਅੰਦੋਲਨ ਨੂੰ ਪੁਲਸ ਦੀ ਗੁੰਡਾਗਰਦੀ ਨਾਲ ਕੁਚਲਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਨੂੰ ਪੁਲਸ ਰਾਜ ਵਿਚ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਸਨਅਤਕਾਰਾਂ ਨਾਲ ਕੇਜਰੀਵਾਲ ਨੇ ਮੀਟਿੰਗ ਕਰਕੇ ਘੱਟੋ-ਘੱਟ ਉਜਰਤਾਂ ਵਿਚ 12 ਸਾਲਾਂ ਤੋਂ ਜਿਹੜਾ ਵਾਧਾ ਨਹੀਂ ਕੀਤਾ ਗਿਆ, ਉਸ ਬਾਰੇ ਵੀ ਦੜ ਵੱਟ ਲਈ ਹੈ। ਸੀ ਪੀ ਆਈ ਦੀ ਕੌਮੀ ਸਕੱਤਰ ਬੀਬੀ ਅਮਰਜੀਤ ਕੌਰ ਨੇ ਮੋਦੀ ਸਰਕਾਰ ਦੀਆਂ ਫਾਸ਼ਿਸਟ ਮਨੂਵਾਦੀ ਨੀਤੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਚੰਡੀਗੜ੍ਹ ਵਿਖੇ ਸੀ ਪੀ ਆਈ ਦੀ 25ਵੀਂ ਪਾਰਟੀ ਕਾਂਗਰਸ, ਜਿਹੜੀ 21 ਸਤੰਬਰ ਤੋਂ 25 ਸਤੰਬਰ ਤੱਕ ਹੋ ਰਹੀ ਹੈ, ਵਿਚ ਸਿਆਸੀ, ਆਰਥਿਕ ਅਤੇ ਕੌਮਾਂਤਰੀ ਨੀਤੀਆਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਦੇਸ਼ ਅੰਦਰ ਭਾਜਪਾ ਦੇ ਫਿਰਕੂ ਕਾਰਪੋਰੇਟ ਗਠਜੋੜ ਵਾਲੀ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਵਿਸ਼ੇਸ਼ ਜਮਹੂਰੀ ਏਕਤਾ ਉਸਾਰਨ ਲਈ ਯੁੱਧ ਨੀਤੀ ਤਿਆਰ ਕੀਤੀ ਜਾਵੇਗੀ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸੀ ਪੀ ਆਈ ਵਿਚ 25ਵੀਂ ਪਾਰਟੀ ਕਾਂਗਰਸ ਨੂੰ ਸਫਲ ਬਣਾਉਣ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 21 ਸਤੰਬਰ ਨੂੰ ਚੰਡੀਗੜ੍ਹ ਵਿਖੇ ਹਜ਼ਾਰਾਂ ਲੋਕਾਂ ਦੀ ਰੈਲੀ ਨਾਲ ਕਾਂਗਰਸ ਦਾ ਆਰੰਭ ਕੀਤਾ ਜਾਵੇਗਾ। ਉਹਨਾ ਕਿਹਾ ਕਿ ਦੇਸ਼ ਭਰ ਵਿਚੋਂ ਲਗਭਗ ਇਕ ਹਜ਼ਾਰ ਦੇ ਕਰੀਬ ਡੈਲੀਗੇਟ ਹਿੱਸਾ ਲੈਣਗੇ। ਪੰਜਾਬ ਸੀ ਪੀ ਆਈ ਨੇ ਡੇਢ ਕਰੋੜ ਰੁਪਏ ਫੰਡ ਇਕੱਠਾ ਕਰਨ ਦੀ ਯੋਜਨਾ ਵੀ ਬਣਾਈ ਹੈ।