ਮੰਦਵਾੜੇ ਦੀ ਘੰਟੀ ਵੱਜੀ

0
12

ਮੁੰਬਈ : ਸੋਮਵਾਰ ਸ਼ੇਅਰ ਬਜ਼ਾਰ ਵਿੱਚ ਪਿਛਲੇ 10 ਮਹੀਨਿਆਂ ’ਚ ਇੱਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਵਾਧੇ ਅਤੇ ਚੀਨ ਵੱਲੋਂ ਜਵਾਬੀ ਕਾਰਵਾਈ ਤੋਂ ਬਾਅਦ ਆਰਥਕ ਮੰਦੀ ਦਾ ਡਰ ਵਧ ਗਿਆ ਹੈ। 30 ਸ਼ੇਅਰਾਂ ਵਾਲਾ ਬੀ ਐੱਸ ਈ ਸੈਂਸੈਕਸ 2,226.79 ਅੰਕ ਜਾਂ 2.95 ਫੀਸਦੀ ਡਿੱਗ ਕੇ 73,137.90 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇੱਕ ਵਾਰ ਤਾਂ ਸੂਚਕ ਅੰਕ 3,939.68 ਅੰਕ ਜਾਂ 5.22 ਫੀਸਦੀ ਡਿੱਗ ਕੇ 71,425.01 ’ਤੇ ਆ ਗਿਆ ਸੀ। ਐੱਨ ਐੱਸ ਈ ਨਿਫਟੀ 742.85 ਅੰਕ ਜਾਂ 3.24 ਫੀਸਦੀ ਡਿੱਗ ਕੇ 22,161.60 ’ਤੇ ਬੰਦ ਹੋਇਆ। ਹਾਲਾਂਕਿ ਕਾਰੋਬਾਰੀ ਸਮੇਂ ਦੌਰਾਨ ਇਹ 1,160.8 ਅੰਕ ਜਾਂ 5.06 ਫੀਸਦੀ ਡਿੱਗ ਕੇ 21,743.65 ’ਤੇ ਆ ਗਿਆ ਸੀ।
ਹਿੰਦੁਸਤਾਨ ਯੂਨੀਲੀਵਰ ਨੂੰ ਛੱਡ ਕੇ ਸੈਂਸੈਕਸ ਦੇ ਸਾਰੇ ਸ਼ੇਅਰ ਹੇਠਾਂ ਹੋਏ। ਟਾਟਾ ਸਟੀਲ ਸਭ ਤੋਂ ਵੱਧ 7.33 ਫੀਸਦੀ ਡਿੱਗਿਆ, ਉਸ ਤੋਂ ਬਾਅਦ ਲਾਰਸਨ ਐਂਡ ਟੂਬਰੋ ਵਿੱਚ 5.78 ਫੀਸਦੀ ਦੀ ਗਿਰਾਵਟ ਆਈ। ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਐਕਸਿਸ ਬੈਂਕ, ਆਈ ਸੀ ਆਈ ਸੀ ਆਈ ਬੈਂਕ, ਐੱਚ ਸੀ ਐੱਲ ਟੈਕਨਾਲੋਜੀ ਅਤੇ ਐੱਚ ਡੀ ਐੱਫ ਸੀ ਬੈਂਕ ਗਿਰਾਵਟ ਵਾਲੇ ਸਨ। ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੀ ਦੌਲਤ ਕਰੀਬ 15 ਲੱਖ ਕਰੋੜ ਰੁਪਏ ਘਟ ਗਈ। ਏਸ਼ੀਆਈ ਬਾਜ਼ਾਰਾਂ ਵਿੱਚ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 11 ਫੀਸਦੀ ਤੋਂ ਵੱਧ ਡਿੱਗ ਗਿਆ, ਟੋਕੀਓ ਦਾ ਨਿੱਕੀ-225 7 ਫੀਸਦੀ, ਸ਼ੰਘਾਈ ਐੱਸ ਐੱਸ ਈ ਕੰਪੋਜ਼ਿਟ ਇੰਡੈਕਸ ਕਰੀਬ 7 ਫੀਸਦੀ ਹੇਠਾਂ ਆਇਆ ਅਤੇ ਦੱਖਣੀ ਕੋਰੀਆ ਦਾ ਕੋਸਪੀ 5 ਫੀਸਦੀ ਤੋਂ ਵੱਧ ਡਿੱਗ ਗਿਆ।
ਜੀਓਜੀਤ ਫਾਇਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀ ਕੇ ਵਿਜੇਕੁਮਾਰ ਨੇ ਕਿਹਾ, ‘ਵਿਸ਼ਵ ਪੱਧਰ ’ਤੇ ਬਾਜ਼ਾਰ ਅਸਥਿਰਤਾ ਅਤੇ ਬੇਯਕੀਨੀ ਦੇ ਮਾਹੌਲ ਵਿੱਚੋਂ ਗੁਜ਼ਰ ਰਹੇ ਹਨ। ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਟਰੰਪ ਦੇ ਟੈਕਸ ਕਾਰਨ ਪੈਦਾ ਹੋਈ ਦੁਚਿੱਤੀ ਮਗਰੋਂ ਬਜ਼ਾਰ ਕਦੋਂ ਮੁੜ ਪੈਰਾਂ ਸਿਰ ਹੋਵੇਗਾ।’
ਦੁਨੀਆ ਸਹਿਮੀ ਪਈ ਹੈ, ਪਰ ਟਰੰਪ ਸੋਮਵਾਰ ਇਸ ਗੱਲੋਂ ਖੁਸ਼ ਸੀ ਕਿ ਸਭ ਤੋਂ ਵੱਡਾ ਨੁਕਸਾਨ ਚੀਨ ਦਾ ਹੋਇਆ ਹੈ। ਉਸ ਨੇ ਦਾਅਵਾ ਕੀਤਾ ਹੈਤੇਲ ਕੀਮਤਾਂ ਘਟ ਰਹੀਆਂ ਹਨ, ਵਿਆਜ ਰੇਟ ਘਟ ਰਹੇ ਹਨ, ਖੁਰਾਕੀ ਚੀਜ਼ਾਂ ਦੀਆਂ ਕੀਮਤਾਂ ਘਟ ਰਹੀਆਂ ਹਨ, ਨੋਟਪਸਾਰਾ ਨਹੀਂ ਹੈ ਅਤੇ ਅਮਰੀਕਾ ਕਰੋੜਾਂ ਰੁਪਏ ਬਚਾਅ ਰਿਹਾ ਹੈ, ਜਿਹੜੇ ਵੱਖ-ਵੱਖ ਦੇਸ਼ ਅਮਰੀਕੀ ਮਾਲ ’ਤੇ ਵੱਧ ਟੈਰਿਫ ਲਾ ਕੇ ਲੈ ਜਾਂਦੇ ਸਨ। ਉੱਧਰ ਚੀਨੀ ਕਮਿਊਨਿਸਟ ਪਾਰਟੀ ਦੇ ਤਰਜਮਾਨ ‘ਪੀਪਲਜ਼ ਡੇਲੀ’ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਮਰੀਕਾ ਵੱਲੋਂ ਠੋਕੇ ਟੈਰਿਫ ਦੇ ਬਾਵਜੂਦ ਚੀਨ ਸਥਿਤੀ ’ਤੇ ਕਾਬੂ ਪਾ ਲੈਣ ਦੇ ਸਮਰੱਥ ਹੈ। ਅਖਬਾਰ ਨੇ ਕਿਹਾ ਹੈਅਸਮਾਨ ਨਹੀਂ ਡਿੱਗ ਚੱਲਿਆ, ਸਾਡੇ ਤਰਕਸ਼ ਵਿੱਚ ਵੀ ਤੀਰ ਹਨ।