ਨਾਗਾਪਟੀਨਮ (ਤਾਮਿਲਨਾਡੂ)
(ਗਿਆਨ ਸੈਦਪੁਰੀ)
ਤਿੰਨ ਦਿਨਾ ਤੋਂ ਕਿਸਾਨੀ ਮਸਲਿਆਂ ’ਤੇ ਮੰਥਨ, ਪੂੰਜੀਪਤੀਆਂ ਵੱਲੋਂ ਦੇਸ਼ ਦੀ ਦੌਲਤ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਦੀਆਂ ਤਰਕੀਬਾਂ ਬਣਾਉਣ, ਕੁਲ ਹਿੰਦ ਕਿਸਾਨ ਸਭਾ ਦੇ ਪਹਿਲੇ ਪ੍ਰਧਾਨ ਸਹਿਜਾਨੰਦ ਸਰਸਵਤੀ ਤੋਂ ਲੈ ਕੇ ਮਹਾਨ ਆਗੂ ਅਤੁਲ ਕੁਮਾਰ ਅਨਜਾਨ ਦੀਆਂ ਕਿਸਾਨੀ ਪ੍ਰਤੀ ਸਮਰਪਿਤ ਭਾਵਨਾਵਾਂ ਦਾ ਆਤਮਸ਼ਾਤ ਕਰਨ ਅਤੇ ਪਹਿਲੀ ਮਈ ਤੋਂ 20 ਮਈ ਤੱਕ ਵਿਸ਼ੇਸ਼ ਮੁਹਿੰਮ ਚਲਾਉਣ ਤੇ ਹਰ ਪਿੰਡ ਵਿੱਚ ਕਿਸਾਨ ਸੰਸਦ ਸਥਾਪਤ ਕਰਨ ਦੇ ਸੱਦੇ ਨਾਲ ਕੁਲ ਹਿੰਦ ਕਿਸਾਨ ਸਭਾ ਦੀ 30ਵੀਂ ਕੌਮੀ ਕਾਨਫਰੰਸ ਸਫਲਤਾ-ਪੂਰਵਕ ਸਮਾਪਤ ਹੋ ਗਈ।
ਇਸੇ ਦੌਰਾਨ 115 ਮੈਂਬਰੀ ਨੈਸ਼ਨਲ ਕੌਂਸਲ ਦੇ ਗਠਨ ਦੀ ਪ੍ਰਵਾਨਗੀ ਲਈ ਗਈ। ਨੈਸ਼ਨਲ ਕੌਂਸਲ ਵਿੱਚ ਕੇਂਦਰ ਵੱਲੋਂ ਬਲਦੇਵ ਸਿੰਘ ਨਿਹਾਲਗੜ੍ਹ ਪਾਏ ਗਏ। ਪੰਜਾਬ ਤੋਂ ਪੰਜ ਮੈਂਬਰ ਬਣਾਏ ਗਏ। ਇਨ੍ਹਾਂ ਵਿੱਚ ਬਲਕਰਨ ਸਿੰਘ ਬਰਾੜ, ਮਹਾਂਬੀਰ ਸਿੰਘ ਪੱਟੀ, ਕੁਲਵੰਤ ਸਿੰਘ ਮੌਲਵੀਵਾਲ, ਸੂਰਤ ਸਿੰਘ ਧਰਮਕੋਟ ਅਤੇ ਲਖਬੀਰ ਸਿੰਘ ਨਿਜਾਮਪੁਰ ਸ਼ਾਮਲ ਹਨ।
ਰਾਜਨ ਸੀ ਸਾਗਰ ਨੂੰ ਪ੍ਰਧਾਨ, ਵੈਂਕਈਆ ਨੂੰ ਜਨਰਲ ਸਕੱਤਰ, ਬਲਦੇਵ ਸਿੰਘ ਨਿਹਾਲਗੜ੍ਹ ਤੇ ਤਾਰਾ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਬਲਕਰਨ ਸਿੰਘ ਬਰਾੜ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ।
ਆਖਰੀ ਦਿਨ ਦਾ ਪਹਿਲਾ ਸੈਸ਼ਨ ਸੰਤ ਰਾਮ ਉਦਾਸੀ ਦੇ ਗੀਤ, ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ…!’ ਦੇ ਗਾਇਨ ਨਾਲ ਸ਼ੁਰੂ ਹੋਇਆ ਇਹ ਗੀਤ ਹਰਿਆਣਾ ਦੇ ਡੈਲੀਗੇਟ ਭਜਨ ਲਾਲ ਨੇ ਪੇਸ਼ ਕੀਤਾ। ਗਾਇਕ ਅਨੁਸਾਰ ਉਸ ਨੇ ਇਹ ਗੀਤ ਕਾਮਰੇਡ ਅਤੁਲ ਕੁਮਾਰ ਅਨਜਾਨ ਨੂੰ ਸ਼ਰਧਾਂਜਲੀ ਭੇਟ ਕਰਨ ਵਜੋਂ ਗਾਇਆ ਹੈ। ਜਸਵੀਰ ਸਿੰਘ ਝੱਜ ਨੇ ਵੀ ਇਨਕਲਾਬੀ ਗੀਤ ‘ਕਦੇ ਮੀਂਹ ਡੋਬ ਜਾਵੇ, ਕਦੇ ਸੋਕਾ ਸਾੜ ਦੇਵੇ’ ਸੁਣਾਇਆ। ਇਸੇ ਦੌਰਾਨ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਪੇਰੀਆਸਾਮੀ ਨੇ ਭਰਾਤਰੀ ਸੰਦੇਸ਼ ਦਿੰਦਿਆਂ ਸਭਾ ਨੂੰ ਵਧਾਈ ਦਿੱਤੀ। ਕੁਲ ਹਿੰਦ ਕਿਸਾਨ ਸਭਾ ਦੀ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਖੇਤ ਮਜ਼ਦੂਰ ਅਤੇ ਕਿਸਾਨ ਏਕਤਾ ਦੇ ਨਾਹਰੇ ਵੀ ਬੁਲੰਦ ਹੋਏ। ਸਭਾ ਦੇ ਪ੍ਰਧਾਨ ਰਾਜਨ ਸੀ ਸਾਗਰ ਵੱਲੋਂ ਬੇਗੂਸਰਾਏ ਦੇ ਵਿਧਾਇਕ ਰਾਮ ਰਤਨ ਨੂੰ ਮਾਣ ਵਜੋਂ ਲੋਈ ਭੇਟ ਕੀਤੀ ਗਈ। ਇਸੇ ਦੌਰਾਨ ਕੁਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ ਨੇ ਘੱਟੋ-ਘੱਟ ਸਮੱਰਥਨ ਮੁੱਲ ਬਾਰੇ ਪ੍ਰਸਤਾਵ ਪੇਸ਼ ਕੀਤਾ। ਕੁਝ ਹੋਰ ਰਸਮਾਂ ਉਪਰੰਤ ਪੇਸ਼ ਕੀਤੀ ਗਈ ਜਥੇਬੰਦਕ ਰਿਪੋਰਟ ਦਾ ਵਿਸਥਾਰ ਨਾਲ ਜਵਾਬ ਜਨਰਲ ਸਕੱਤਰ ਵੇਂਕਈਆ ਨੇ ਦਿੱਤਾ। ਜਨਰਲ ਰਿਪੋਰਟ ਦੀ ਬਹਿਸ ਦੌਰਾਨ ਉੱਠੇ ਸਵਾਲਾਂ ਦਾ ਜਵਾਬ ਸਭਾ ਦੇ ਕੌਮੀ ਪ੍ਰਧਾਨ ਰਾਜਨ ਸੀ ਸਾਗਰ ਨੇ ਦਿੱਤਾ। ਉਨ੍ਹਾ ਕਿਹਾ ਕਿ ਬਹਿਸ ਦੌਰਾਨ ਬੜੇ ਮਹੱਤਵਪੂਰਨ ਸੁਝਾਅ ਆਏ, ਮੈਂ ਉਨ੍ਹਾ ਦਾ ਸਵਾਗਤ ਕਰਦਾ ਹੈ। ਉਨ੍ਹਾ ਹਰ ਸਵਾਲ ਦਾ ਤਸੱਲੀਬਖਸ਼ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਨ੍ਹਾ ਕਿਹਾ ਕਿ ਹਾਕਮ ਧਿਰ ਵੱਲੋਂ ਸਾਇੰਸ ਅਤੇ ਤਕਨੀਕ ਦੀ ਵਰਤੋਂ ਨਾਲ ਲਾਲਚੀ ਮਾਨਸਿਕਤਾ ਅਧੀਨ ਦੇਸ਼ ਦੀ ਹਰ ਤਰ੍ਹਾਂ ਦੀ ਦੌਲਤ ਲੁੱਟੀ ਜਾ ਰਹੀ ਹੈ। ਹਾਕਮਾਂ ਦੀ ਇਸ ਲੁੱਟ ਨੂੰ ਰੋਕਣ ਲਈ ਢੰਗ ਤਰੀਕੇ ਸਾਨੂੰ ਆਪ ਤੈਅ ਕਰਨੇ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਢੰਗ ਨਾਲ ਕਰਨੀ ਚਾਹੀਦੀ ਹੈ। ਕਈ ਵਾਰ ਸਾਡੇ ਬੰਦੇ ਮਾਮੂਲੀ ਜਿਹਾ ਕੋਈ ਕੰਮ ਕਰਕੇ ਉਸ ਨੂੰ ਵੱਡਾ ਦਿਖਾਉਣ ਲਈ ਵੀਡੀਓ ਵਾਇਰਲ ਕਰਨ ਲੱਗੇ ਰਹਿੰਦੇ ਹਨ। ਇਹ ਤਰੀਕਾ ਫਾਇਦਾ ਕਰਨ ਦੀ ਥਾਂ ਨੁਕਸਾਨ ਹੀ ਕਰਦਾ ਹੈ। ਰਾਜਨ ਨੇ ਕਿਸਾਨ ਆਗੂਆਂ ਨੂੰ ਵੀ ਸਲਾਹ ਦਿੱਤੀ ਕਿ ਤੜਕ-ਭੜਕ ਦੀ ਜ਼ਿੰਦਗੀ ਤੋਂ ਗੁਰੇਜ਼ ਕਰਨ। ਜ਼ਿੰਦਗੀ ਜੀਊਣ ਲਈ ਸਾਨੂੰ ਸਵਾਮੀ ਸਹਿਜਾਨੰਦ ਸਰਸਵਤੀ, ਤੇਜਾ ਸਿੰਘ ਸੁਤੰਤਰ ਵਰਗੇ ਪੁਰਾਣੇ ਆਗੂਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਪ੍ਰਧਾਨ ਨੇ ਨੌਜਵਾਨ ਕਿਸਾਨਾਂ ਨੂੰ ਅੱਗੇ ਆਉਣ ਦਾ ਵੀ ਸੱਦਾ ਦਿੱਤਾ।
ਕਾਮਰੇਡ ਰਾਜਨ ਸੀ ਸਾਗਰ ਨੇ ਆਖਰ ਵਿੱਚ ਸੱਦਾ ਦਿੱਤਾ ਕਿ ਪਹਿਲੀ ਮਈ ਤੋਂ 20 ਮਈ ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਇਹ ਮੁਹਿੰਮ ਇੱਕ ਲੱਖ ਪਿੰਡਾਂ ਤੱਕ ਜਾਣੀ ਚਾਹੀਦੀ ਹੈ। ਉਨ੍ਹਾ ਹਰ ਪਿੰਡ ਵਿੱਚ ਕਿਸਾਨ ਸੰਸਦ ਬਣਾਉਣ ਦਾ ਵੀ ਸੁਝਾਅ ਦਿੱਤਾ।