ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਦੇਸ਼ ਵਿੱਚ ਖੇਡ ਐਸੋਸੀਏਸ਼ਨਾਂ ਦੇ ਮਾਮਲਿਆਂ ਦੀ ਡੂੰਘੀ ਜਾਂਚ ਲਈ ਜਾਂਚ ਕਮਿਸ਼ਨ ਬਣਾਉਣ ਦਾ ਇਸ਼ਾਰਾ ਕੀਤਾ ਹੈ। ਉਸ ਨੇ ਵੀਰਵਾਰ ਕਿਹਾ ਕਿ ਇਨ੍ਹਾਂ ਐਸੋਸੀਏਸ਼ਨਾਂ ਵਿੱਚ ਖੇਡ ਸਰਗਰਮੀਆਂ ਨੂੰ ਛੱਡ ਕੇ ‘ਹਰ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਹਨ’। ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੀ ਬੈਂਚ ਦੋ ਕੌਮੀ ਕਬੱਡੀ ਖਿਡਾਰੀਆਂ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਕੋਰਟ ਨੇ ਪਹਿਲਾਂ ਐਮੇਚਿਓਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਅਤੇ ਕੌਮਾਂਤਰੀ ਕਬੱਡੀ ਫੈਡਰੇਸ਼ਨ ਦੇ ਮਾਮਲਿਆਂ ਦੀ ਸੀ ਬੀ ਆਈ ਜਾਂਚ ਲਈ ਵਿਚਾਰ ਮੰਗੇ ਸਨ।
ਬੈਂਚ ਨੇ ਕਿਹਾ, ‘‘ਅਸੀਂ ਕਬੱਡੀ ਐਸੋਸੀਏਸ਼ਨਾਂ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਲਈ ਇੱਕ ਜਾਂਚ ਕਮਿਸ਼ਨ ਨਿਯੁਕਤ ਕਰਨ ਲਈ ਤਿਆਰ ਹਾਂ, ਕਿਉਂਕਿ ਖੇਡ ਸਰਗਰਮੀਆਂ ਤੋਂ ਇਲਾਵਾ ਇਨ੍ਹਾਂ ਸੰਸਥਾਵਾਂ ਵਿੱਚ ਹਰ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਹਨ। ਅਸੀਂ ਜਾਂਚ ਕਮਿਸ਼ਨ ਦੇ ਦਾਇਰੇ ਨੂੰ ਹੋਰ ਖੇਡ ਐਸੋਸੀਏਸ਼ਨਾਂ ਤੱਕ ਵਧਾਉਣ ਦਾ ਵੀ ਇਰਾਦਾ ਰੱਖਦੇ ਹਾਂ।’’
ਕੇਂਦਰ ਵੱਲੋਂ ਪੇਸ਼ ਹੋਏ ਐਡੀਸ਼ਨਲ ਸੌਲੀਸਿਟਰ ਜਨਰਲ ਕੇ ਐਮ ਨਟਰਾਜ ਨੇ ਕਿਹਾ ਕਿ ਬੈਂਚ ਦੇ 4 ਫਰਵਰੀ ਦੇ ਹੁਕਮਾਂ ਅਨੁਸਾਰ, ਖਿਡਾਰੀਆਂ ਨੂੰ ਈਰਾਨ ਵਿੱਚ ਟੂਰਨਾਮੈਂਟ ਲਈ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਸੋਨ ਤਮਗਾ ਜਿੱਤਿਆ। ਨਟਰਾਜ ਨੇ ਕਿਹਾ ਕਿ ਜਿੱਥੋਂ ਤੱਕ ਸੀ ਬੀ ਆਈ ਜਾਂਚ ਦਾ ਸਵਾਲ ਹੈ ਤਾਂ ਇਸ ਬਾਰੇ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾ ਇਸ ’ਤੇ ਕੰਮ ਕਰਨ ਲਈ ਦੋ ਹੋਰ ਹਫਤੇ ਮੰਗੇ, ਜਿਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਉਹ ਦੇਸ਼ ਦੇ ਸਾਰੇ ਰਾਜ ਅਤੇ ਅੰਤਰਰਾਸ਼ਟਰੀ ਖੇਡ ਸੰਘਾਂ ਦੇ ਮਾਮਲਿਆਂ ਦੀ ਜਾਂਚ ਕਰੇਗੀ ਅਤੇ ਜੇ ਲੋੜ ਪਈ ਤਾਂ ਉਨ੍ਹਾਂ ਨੂੰ ਭੰਗ ਕਰ ਦੇਵੇਗੀ।