ਚੀਨ ਨੇ ਟਰੰਪ ਨਾਲ ਟੱਕਰਨ ਲਈ ਯੂਰਪ ਦਾ ਸਾਥ ਮੰਗਿਆ

0
12

ਬੀਜਿੰਗ : ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਸ਼ੁੱਕਰਵਾਰ ਯੂਰਪੀ ਯੂਨੀਅਨ ਨੂੰ ਅਮਰੀਕਾ ਦੀ ਧੱਕੇਸ਼ਾਹੀ ਦੇ ਟਾਕਰੇ ਲਈ ਸਾਥ ਦੇਣ ਦਾ ਸੱਦਾ ਦਿੱਤਾ। ਜਿਨਪਿੰਗ ਦੀ ਚੀਨ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਦਰਮਿਆਨ ਇਹ ਪਹਿਲੀ ਟਿੱਪਣੀ ਸਾਹਮਣੇ ਆਈ ਹੈ। ਜਿਨਪਿੰਗ ਨੇ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨਾਲ ਇੱਥੇ ਮੀਟਿੰਗ ਦੌਰਾਨ ਕਿਹਾ ਕਿ ਚੀਨ ਤੇ ਯੂਰਪ ਨੂੰ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਇਕਤਰਫਾ ਧੱਕੇਸ਼ਾਹੀ ਦੀ ਮਿਲ ਕੇ ਮੁਜ਼ਾਹਮਤ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਇਸ ਨਾਲ ਨਾ ਸਿਰਫ ਉਹ ਆਪਣੇ ਵਾਜਬ ਹੱਕਾਂ ਤੇ ਹਿੱਤਾਂ ਦੀ ਰਾਖੀ ਕਰ ਸਕਣਗੇ, ਸਗੋਂ ਕੌਮਾਂਤਰੀ ਵਾਜਬੀਅਤ ਤੇ ਇਨਸਾਫ ਦੀ ਵੀ ਰਾਖੀ ਕਰਨਗੇ।
ਜਿਨਪਿੰਗ ਨੇ ਇਹ ਵੀ ਕਿਹਾ ਕਿ ਚੀਨ ਕਿਸੇ ਤੋਂ ਡਰਦਾ ਨਹੀਂ ਹੈ। ਪਿਛਲੇ 70 ਸਾਲਾਂ ਵਿੱਚ ਹੋਇਆ ਚੀਨ ਦਾ ਵਿਕਾਸ ਸਖਤ ਮਿਹਨਤ ਤੇ ਖੁਦ ’ਤੇ ਨਿਰਭਰ ਰਹਿਣ ਦਾ ਨਤੀਜਾ ਹੈ। ਉਨ੍ਹਾ ਕਿਹਾ ਕਿ ਚੀਨ ਕਦੇ ਦੂਜਿਆਂ ਦੇ ਦਾਨ ’ਤੇ ਨਿਰਭਰ ਨਹੀਂ ਰਿਹਾ ਹੈ। ਨਾ ਹੀ ਕਦੇ ਕਿਸੇ ਦੀ ਜ਼ਬਰਦਸਤੀ ਤੋਂ ਡਰਿਆ ਹੈ। ਦੁਨੀਆ ਕਿੰਨੀ ਵੀ ਬਦਲ ਜਾਵੇ, ਚੀਨ ਪ੍ਰੇਸ਼ਾਨ ਨਹੀਂ ਹੋਵੇਗਾ। ਉਨ੍ਹਾ ਅੱਗੇ ਕਿਹਾ ਕਿ ਵਪਾਰਕ ਜੰਗ ਵਿੱਚ ਕੋਈ ਜੇਤੂ ਨਹੀਂ ਹੁੰਦਾ। ਦੁਨੀਆ ਦੇ ਖਿਲਾਫ ਜਾਣ ਦਾ ਮਤਲਬ ਖੁਦ ਦੇ ਖਿਲਾਫ ਜਾਣਾ ਹੈ।
ਦੋ ਸਾਲਾਂ ਵਿੱਚ ਚੀਨ ਦਾ ਤੀਜਾ ਦੌਰਾ ਕਰਨ ਵਾਲੇ ਸਾਂਚੇਜ਼ ਨੇ ਕਿਹਾ ਕਿ ਵਪਾਰ ’ਤੇ ਖਿਚਾਵਾਂ ਨੂੰ ਯੂਰਪੀ ਯੂਨੀਅਨ ਤੇ ਚੀਨ ਵਿਚਾਲੇ ਮਿਲਵਰਤਨ ਵਿੱਚ ਅੜਿੱਕਾ ਨਹੀਂ ਬਣਨ ਦੇਣਾ ਚਾਹੀਦਾ। ਸਪੇਨ ਤੇ ਯੂਰਪ ਦਾ ਚੀਨ ਨਾਲ ਚੋਖਾ ਵਪਾਰ ਘਾਟਾ ਹੈ, ਜਿਸ ਨੂੰ ਘਟਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ-ਚੀਨ ਤੇ ਸਪੇਨ ਅਤੇ ਚੀਨ ਤੇ ਯੂਰਪੀ ਯੂਨੀਅਨ ਵਿਚਾਲੇ ਰਿਸ਼ਤਿਆਂ ਨੂੰ ਵਧਾਉਣ ਦੇ ਰਾਹ ਵਿੱਚ ਵਪਾਰਕ ਖਿਚਾਅ ਅੜਿੱਕਾ ਨਹੀਂ ਬਣਨ ਦੇਣੇ ਚਾਹੀਦੇ।