ਇਲਾਹਾਬਾਦ ਹਾਈ ਕੋਰਟ ਦੇ ਜੱਜਾਂ ’ਤੇ ਸ਼ਾਇਦ ਮਨੂੰ ਸਮਿ੍ਰਤੀ ਦੀ ਸੋਚ ਦਾ ਅਸਰ ਹੈ ਕਿ ਉਹ ਇੱਕ ਤੋਂ ਬਾਅਦ ਇੱਕ ਔਰਤਾਂ ਪ੍ਰਤੀ ਘਿ੍ਰਣਾਤਮਕ ਦਿ੍ਰਸ਼ਟੀ ਵਾਲੇ ਫੈਸਲੇ ਦੇ ਰਹੇ ਹਨ। ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਇਸ ਹਾਈ ਕੋਰਟ ਦੇ ਜਸਟਿਸ ਰਾਮ ਮੋਹਨ ਮਿਸ਼ਰਾ ਨੇ ਇੱਕ ਨਬਾਲਿਗ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਦੇ ਕੇਸ ਵਿੱਚ ਇਹ ਕਹਿ ਕੇ ਆਪਣੀ ਜਗੀਰੂ ਸੋਚ ਦਾ ਮੁਜ਼ਾਹਰਾ ਕਰ ਦਿੱਤਾ ਸੀ ਕਿ ‘ਨਾਲਾ ਤੋੜਨਾ ਤੇ ਛਾਤੀਆਂ ਦਬਾਉਣੀਆਂ ਰੇਪ ਨਹੀਂ ਹੈ।’ ਇਸ ਟਿੱਪਣੀ ਤੋਂ ਬਾਅਦ ਦੇਸ਼-ਭਰ ਦੀਆਂ ਸਮਾਜਿਕ ਤੇ ਇਸਤਰੀ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ। ਆਖਰ ਸੁਪਰੀਮ ਕੋਰਟ ਨੂੰ ਇਸ ਟਿੱਪਣੀ ਨੂੰ ਖਾਰਜ ਕਰਨਾ ਪਿਆ ਸੀ। ਹੁਣ ਇੱਕ ਹੋਰ ਫੈਸਲੇ ਵਿੱਚ ਇਸੇ ਹਾਈ ਕੋਰਟ ਦੇ ਜਸਟਿਸ ਸੰਜੈ ਕੁਮਾਰ ਸਿੰਘ ਨੇ ਲੜਕੀ ਨਾਲ ਹੋਏ ਬਲਾਤਕਾਰ ਲਈ ਉਸੇ ਨੂੰ ਹੀ ਕਸੂਰਵਾਰ ਮੰਨ ਕੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਹੈ।
ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਪੀੜਤ ਲੜਕੀ ਨੇ ਬਾਰ ਵਿੱਚ ਸ਼ਰਾਬ ਪੀਤੀ, ਦੇਰ ਰਾਤ ਮੁਲਜ਼ਮ ਨਾਲ ਗਈ ਤੇ ਇਸ ਤਰ੍ਹਾਂ ਉਸ ਨੇ ਖੁਦ ਮੁਸੀਬਤ ਨੂੰ ਸੱਦਾ ਦਿੱਤਾ ਸੀ। ਮੈਡੀਕਲ ਰਿਪੋਰਟ ਵਿੱਚ ਜਿਸਮਾਨੀ ਸੰਬੰਧ ਬਣਾਉਣ ਦੇ ਸੰਕੇਤ ਮਿਲੇ, ਪਰ ਅਦਾਲਤ ਨੇ ਇਸ ਨੂੰ ਰੇਪ ਮੰਨਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਆਈ ਪੀ ਸੀ ਦੀ ਧਾਰਾ 375 ਵਿੱਚ ਸਾਫ਼ ਦਰਜ ਹੈ ਕਿ ਨਸ਼ੇ ਦੀ ਹਾਲਤ ਵਿੱਚ ਕਿਸੇ ਔਰਤ ਨਾਲ ਬਣਾਏ ਸੰਬੰਧ ਰੇਪ ਮੰਨੇ ਜਾਣਗੇ।
ਪੀੜਤ ਲੜਕੀ ਨੇ ਕੋਰਟ ਵਿੱਚ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਹ ਆਪਣੀਆਂ ਤਿੰਨ ਸਹੇਲੀਆਂ ਨਾਲ ਦਿੱਲੀ ਦੀ ਇੱਕ ਬਾਰ ਵਿੱਚ ਗਈ ਸੀ। ਉੱਥੇ ਤਿੰਨਾਂ ਨੇ ਸ਼ਰਾਬ ਪੀਤੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਮੁਲਜ਼ਮ ਲੜਕਾ ਮਿਲਿਆ ਸੀ। ਸ਼ਰਾਬ ਜ਼ਿਆਦਾ ਪੀਣ ਕਾਰਨ ਉਹ ਲੜਖੜਾ ਰਹੀ ਸੀ। ਇਸ ਉੱਤੇ ਉਸ ਲੜਕੇ ਨੇ ਉਸ ਨੂੰ ਆਪਣੇ ਘਰ ਚੱਲਣ ਲਈ ਕਿਹਾ। ਲੜਕੀ ਉਸ ਲੜਕੇ ਨਾਲ ਚਲੀ ਗਈ, ਪਰ ਲੜਕਾ ਉਸ ਨੂੰ ਨੋਇਡਾ ਵਿਖੇ ਆਪਣੇ ਘਰ ਲੈ ਕੇ ਜਾਣ ਦੀ ਥਾਂ ਗੁੜਗਾਓਂ ਵਿਖੇ ਇੱਕ ਘਰ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ।
ਇਸ ਫੈਸਲੇ ਨੇ ਸਹਿਮਤੀ, ਔਰਤ ਦੀ ਅਜ਼ਾਦੀ ਤੇ ਬਲੈਕਮੇ�ਿਗ ਵਰਗੇ ਮੁੱਦਿਆਂ ਨੂੰ ਇੱਕ ਵਾਰ ਫਿਰ ਨਿਆਂਪਾਲਿਕਾ ਦੇ ਕੇਂਦਰ ਵਿੱਚ ਲੈ ਆਂਦਾ ਹੈ। ‘ਲੜਕੀ ਨਾਲ ਰੇਪ ਹੋਇਆ, ਕਿਉਂਕਿ ਉਸ ਦੀ ਗਲਤੀ ਸੀ। ਉਸ ਨੇ ਆਪਣੇ ਸਿਰ ਮੁਸੀਬਤ ਸਹੇੜੀ ਇਸ ਲਈ ਆਪਣੇ ਨਾਲ ਹੋਏ ਰੇਪ ਦੀ ਉਹੀ ਜ਼ਿੰਮੇਵਾਰ ਹੈ।’ ਇਹ ਸ਼ਬਦ ਕਿਸੇ ਪਿੰਡ ਦੀ ਸੱਥ ਵਿੱਚ ਜੁੜੀ ਪੰਚਾਇਤ ਦੇ ਚੌਧਰੀਆਂ ਦੇ ਹੋ ਸਕਦੇ ਹਨ, ਜਿਹੜੇ ਅੱਜ ਵੀ ਮੱਧ ਯੁਗੀ ਸੋਚ ਦਾ ਪੱਲਾ ਫੜੀ ਬੈਠੇ ਹਨ, 21ਵੀਂ ਸਦੀ ਦੀ ਇੱਕ ਉੱਚ ਅਦਾਲਤ ਦੇ ਮੁਨਸਿਫਾਂ ਦੇ ਨਹੀਂ।
ਸਵਾਲ ਇਹ ਵੀ ਉਠਦਾ ਹੈ ਕਿ ਕੀ ਜੱਜ ਇੰਡੀਅਨ ਪੀਨਲ ਕੋਡ ਤੋਂ ਬਾਹਰ ਜਾ ਕੇ ਆਪਣੀ ਮਰਜ਼ੀ ਮੁਤਾਬਕ ਫੈਸਲੇ ਦੇ ਸਕਦੇ ਹਨ, ਆਈ ਪੀ ਸੀ ਦੀ ਧਾਰਾ 375 ਮੁਤਾਬਕ ਜਦੋਂ ਔਰਤ ਨਸ਼ੇ ਵਿੱਚ ਹੋਵੇ ਤੇ ਠੀਕ ਤਰ੍ਹਾਂ ਸਹਿਮਤੀ ਦੇਣ ਦੀ ਹਾਲਤ ਵਿੱਚ ਨਾ ਹੋਵੇ ਤਾਂ ਉਸ ਨਾਲ ਕੀਤਾ ਗਿਆ ਸੈਕਸ ਰੇਪ ਸਮਝਿਆ ਜਾਵੇਗਾ। ਕੀ ਜਸਟਿਸ ਸੰਜੈ ਕੁਮਾਰ ਸਿੰਘ ਨੂੰ ਇਸ ਦੀ ਜਾਣਕਾਰੀ ਨਹੀਂ ਸੀ ਜਾਂ ਉਸ ਵੱਲੋਂ ਜਾਣਬੁੱਝ ਕੇ ਕਾਨੂੰਨ ਦਾ ਮਜ਼ਾਕ ਬਣਾਇਆ ਗਿਆ।
ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਯੋਗੀ ਰਾਜ ਦੌਰਾਨ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ, ਜਿਸ ਵਿੱਚ ਕਾਨੂੰਨ ਦੇ ਰਾਜ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪੁਲਸ ਮੁਕਾਬਲਿਆਂ ਦੇ ਆਤੰਕ ਤੇ ਬੁਲਡੋਜ਼ਰ ਦੀ ਦਹਿਸ਼ਤ ਕਾਰਨ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਜਾਪਦਾ ਹੈ ਕਿ ਇਲਾਹਾਬਾਦ ਹਾਈ ਕੋਰਟ ਦੀ ਨਿਆਂਇਕ ਚੇਤਨਾ ਨੇ ਵੀ ਯੋਗੀ ਰਾਜ ਦੀ ਆਪਹੁਦਰਾਸ਼ਾਹੀ ਦੇ ਪਦਚਿੰਨ੍ਹਾਂ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਔਰਤਾਂ ਦੀ ਅਜ਼ਾਦ ਹਸਤੀ ਨੂੰ ਕੁਚਲਣ ਵਾਲੇ ਅਜਿਹੇ ਫੈਸਲਿਆਂ ਦਾ ਡਟ ਕੇ ਵਿਰੋਧ ਹੋਣਾ ਚਾਹੀਦਾ ਹੈ, ਨਹੀਂ ਤਾਂ ਕੱਲ੍ਹ ਨੂੰ ਕਿਸੇ ਔਰਤ ਨਾਲ ਬਦਤਮੀਜ਼ੀ ਲਈ ਉਸ ਦੇ ਸਿਰ ਤੋਂ ਚੁੰਨੀ ਖਿਸਕਣ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾ ਸਕੇਗਾ।
-ਚੰਦ ਫਤਿਹਪੁਰੀ