ਅਗਰਤਲਾ, ਤਿਰੂਪੁਰਾ : ਜੇ ਦੇਸ਼ ਆਜ਼ਾਦ ਹੈ ਤਾਂ ਹੁਣ ਪਾਰਲੀਮੈਂਟ ’ਚ ਕਾਲੇ ਕਾਨੂੰਨ ਨਹੀਂ, ਸਫੈਦ ਕਾਨੂੰਨ ਬਣਾਉਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਸੁਖਜਿੰਦਰ ਮਹੇਸਰੀ ਨੇ ਇੱਥੇ ਜੱਥੇਬੰਦੀ ਦੀ ਸੂਬਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਦੀ ਪ੍ਰਧਾਨਗੀ ਅਜੀਤ ਦਾਸ ਨੇ ਕੀਤੀ।
ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ ਗ਼ੁਲਾਮ ਭਾਰਤ ਵੇਲੇ ਬਿ੍ਰਟਿਸ਼ ਸਾਮਰਾਜ ਨੇ ਪਾਰਲੀਮੈਂਟ ਅੰਦਰ ਕਾਲੇ ਕਾਨੂੰਨ ਬਣਾਏ। ਇਹਨਾਂ ਕਾਲੇ ਕਾਨੂੰਨਾਂ ਖ਼ਿਲਾਫ਼ ਹੀ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ ਪਾਰਲੀਮੈਂਟ ਵਿੱਚ ਧਮਾਕਾ ਕਰਕੇ ਵਿਰੋਧ ਦਰਜ ਕਰਵਾਇਆ। ਸਾਡੇ ਦੇਸ਼ਭਗਤ ਵਿਦੇਸ਼ੀ ਕੰਪਨੀ ਵਿਰੁੱਧ ਲੜੇ। ਅੱਜ ਭਾਜਪਾ ਦੇਸ਼ ਨੂੰ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਹਵਾਲੇ ਕਰਨ ਲਈ ਪਾਰਲੀਮੈਂਟ ਅੰਦਰ ਕਾਨੂੰਨ ਬਣਾ ਰਹੀ ਹੈ। ਅੱਜ ਦੇਸ਼ ਦੀ ਜਵਾਨੀ ਰੁਜ਼ਗਾਰ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਪਾਰਲੀਮੈਂਟ ਰੁਜ਼ਗਾਰ ਦੇ ਸਭ ਖੇਤਰਾਂ ਰੇਲਵੇ, ਬਿਜਲੀ, ਟਰਾਂਸਪੋਰਟ, ਸਿੱਖਿਆ ਅਤੇ ਸਿਹਤ ਮਹਿਕਮੇ, ਸੜਕਾਂ, ਹਵਾਈ ਅੱਡੇ, ਜ਼ਮੀਨਾਂ ਆਦਿ ਨੂੰ ਕੰਪਨੀਆਂ ਹਵਾਲੇ ਕਰਨ ਲਈ ਕਾਨੂੰਨ ਬਣਾ ਰਹੀ ਹੈ। ਭਾਜਪਾ ਸਰਕਾਰ ਦੇਸ਼ ਵੇਚਣ ਦੇ ਆਪਣੇ ਗੁਨਾਹਾਂ ਨੂੰ ਫਿਰਕੂ ਪਰਦੇ ਹੇਠ ਢਕਣ ਲਈ ਸਰਗਰਮ ਹੈ। ਜਵਾਨੀ ਨੂੰ ਆਪਣੇ ਰੌਸ਼ਨ ਭਵਿੱਖ ਅਤੇ ਫੁੱਟ ਦੀ ਸਿਆਸਤ ਖ਼ਿਲਾਫ਼ ਪਾਰਲੀਮੈਂਟ ਅੰਦਰ ਰੁਜ਼ਗਾਰ ਦਾ ਕਾਨੂੰਨ ਸਥਾਪਤ ਕਰਵਾਉਣ ਲਈ ਲਾਮਬੰਦੀ ਦੀ ਲੋੜ ਹੈ। ਦੇਸ਼ ਦੀ ਜਵਾਨੀ ਸਿਆਸਤਦਾਨਾਂ ਦੇ ਫੁੱਟਪਾਊ ਅਤੇ ਭੜਕਾਊ ਕਾਰਨਾਮਿਆਂ ਨੂੰ ਹਰਾਉਣ ਲਈ, ਸਭ ਦੇ ਰੁਜ਼ਗਾਰ ਵਾਸਤੇ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’’ ਲਈ ਪ੍ਰਚਾਰ ਅਤੇ ਜੱਥੇਬੰਦਕ ਪਸਾਰ ਤੇਜ਼ ਕਰੇ। ਇਹ ਕਾਨੂੰਨ ਪਾਰਲੀਮੈਂਟ ਰਾਹੀਂ ਸੰਵਿਧਾਨਕ ਗਰੰਟੀ ਕਰੇ ਕਿ ਹਰ ਅਣਸਿੱਖਿਅਤ ਲਈ ਪ੍ਰਤੀ ਮਹੀਨਾ 25000, ਅਰਧ ਸਿੱਖਿਅਤ ਲਈ 30000 ਰੁਪਏ ਪ੍ਰਤੀ ਮਹੀਨਾ, ਸਿੱਖਿਅਤ ਲਈ 35000 ਰੁਪਏ ਪ੍ਰਤੀ ਮਹੀਨਾ ਅਤੇ ਉੱਚ ਸਿੱਖਿਅਤ ਲਈ 40000 ਰੁਪਏ ਪ੍ਰਤੀ ਮਹੀਨਾ ਘੱਟੋ-ਘੱਟ ਤਨਖ਼ਾਹ ਦੀ ਗਰੰਟੀ ਵਾਲਾ ਰੁਜ਼ਗਾਰ ਦਿੱਤਾ ਜਾਵੇਗਾ। ਜੇਕਰ ਰੁਜ਼ਗਾਰ ਨਹੀਂ ਤਾਂ ਹਰੇਕ ਨੂੰ ਦਰਜਾ ਤਨਖ਼ਾਹ ਦਾ ਅੱਧ ਘੱਟੋ-ਘੱਟ ਪ੍ਰਤੀ ਮਹੀਨਾ ਰੁਜ਼ਗਾਰ ਇੰਤਜ਼ਾਰ ਭੱਤਾ ਦਿੱਤਾ ਜਾਵੇਗਾ।
ਸ੍ਰੀ ਮਹੇਸਰੀ ਨੇ ਕਿਹਾ ਕਿ ਸੂਰਿਆ ਸੇਨ, ਖ਼ੁਦੀ ਰਾਮ ਬੋਸ ਅਤੇ ਭਗਤ ਸਿੰਘ ਜਿਹੇ ਦੇਸ਼ਭਗਤਾਂ ਨੇ ਬਿ੍ਰਟਿਸ਼ ਸ਼ਾਸਨ ਦੇ ਖ਼ਿਲਾਫ਼ ਬਗ਼ਾਵਤ ਕੀਤੀ। ਉਹਨਾਂ ਦੇਸ਼ਭਗਤਾਂ ਨੂੰ ਅਨੇਕਾਂ ਤਸੀਹੇ ਦਿੱਤੇ, ਫਾਂਸੀਆਂ ਦਿੱਤੀਆਂ, ਪਰ ਉਹ ਅੰਗਰੇਜ਼ੀ ਸਾਮਰਾਜ ਅੱਗੇ ਝੁਕੇ ਨਹੀਂ। ਦੂਜੇ ਪਾਸੇ ਅੱਜ ਦੇ ਹੁਕਮਰਾਨਾਂ ਦੇ ਮਾਰਗਦਰਸ਼ਕ ਸਾਵਰਕਰ ਨੇ ਗਿੜਗਿੜਾ ਕੇ ਅੰਗਰੇਜ਼ੀ ਸਰਕਾਰ ਨੂੰ ਮਾਫ਼ੀਨਾਮੇ ਲਿਖੇ। ਦੇਸ਼ ਦੀ ਜਵਾਨੀ ਲਾਜ਼ਮੀ ਹੀ ਅਸ਼ਫਾਕ ਉੱਲਾ, ਸੂਰਿਆ ਸੇਨ, ਖ਼ੁਦੀ ਰਾਮ ਬੋਸ ਅਤੇ ਭਗਤ ਸਿੰਘ ਦੇ ਰਾਹ ਤੁਰੇਗੀ, ਕਿਉਂਕਿ ਇਹ ਰਾਹ ਦਲੇਰੀ, ਸਵੈਮਾਨ ਅਤੇ ਸਦਭਾਵਨਾ ਦਾ ਰਾਹ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਬਿਕਰਮਜੀਤ ਸੇਨ ਨੇ ਕਿਹਾ ਕਿ ਤਿਰੂਪੁਰਾ ਵਿੱਚ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਦੀ ਗਰੰਟੀ ਲਈ ਲਾਮਬੰਦ ਕੀਤਾ ਜਾਵੇ। ਰੁਜ਼ਗਾਰ ਲਈ ਜੇਕਰ ਦਿੱਲੀ ਪ੍ਰਦਰਸ਼ਨ ਕਰਨ ਲਈ ਦੂਜੇ ਸੂਬਿਆਂ ਤੋਂ ਨੌਜਵਾਨ ਆਉਣਗੇ ਤਾਂ ਤਿਰੂਪੁਰਾ ਤੋਂ ਵੀ ਨੌਜਵਾਨ ਉਸ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਰੁਜ਼ਗਾਰ ਦੇ ਮੁੱਦੇ ਨੂੰ ਲੈ ਕੇ ਜੱਥੇਬੰਦੀ ਨੂੰ ਪਿੰਡਾਂ, ਸ਼ਹਿਰਾਂ ਵਿੱਚ ਮਜ਼ਬੂਤ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸਤਿਆਜੀਤ ਰਿਆਂਗ, ਜਇਆ ਵਿਸਵਾਸ, ਸੁਸ਼ਮਿਤਾ ਨੰਦੀ ਆਦਿ ਨੇ ਸੰਬੋਧਨ ਕੀਤਾ।