ਨਵੀਂ ਦਿੱਲੀ : ਕਾਂਗਰਸ ਦੇ ਕੱਦਵਾਰ ਨੇਤਾ ਰਹੇ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਦੇ ਨਾਂਅ ਚਿੱਠੀ ਲਿਖ ਕੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਸਿਆਸੀ ਘਟਨਾ ਤੋਂ ਬਾਅਦ ਰਾਜ ਸਭਾ ਸਾਂਸਦ ਮਨੀਸ਼ ਤਿਵਾੜੀ ਨੇ ਆਪਣੀ ਪਾਰਟੀ ਨੂੰ ਫਿਰ ਇੱਕ ਵਾਰ ਨਸੀਹਤ ਦਿੱਤੀ। ਉਨ੍ਹਾ ਕਿਹਾ ਕਿ ਜੀ-23 ਨੇ ਜੋ ਕਾਂਗਰਸ ਸੁਪਰੀਮੋ ਨੂੰ ਪਾਰਟੀ ਦੀ ਸਥਿਤੀ ਨੂੰ ਲੈ ਕੇ ਚਿੱਠੀ ਲਿਖੀ ਸੀ, ਜੇਕਰ ਉਸ ’ਤੇ ਧਿਆਨ ਦਿੱਤਾ ਗਿਆ ਹੁੰਦਾ ਤਾਂ ਅੱਜ ਇਸ ਤਰ੍ਹਾਂ ਦੀ ਸਥਿਤੀ ਨਾ ਆਉਂਦੀ। ਨਾਲ ਹੀ ਆਪਣੀ ਸਥਿਤੀ ਸਾਫ਼ ਕਰਦੇ ਹੋਏ ਉਨ੍ਹਾ ਕਿਹਾ ਕਿ ਮੈਂ ਇਸ ਪਾਰਟੀ ਦਾ ਕਿਰਾਏਦਾਰ ਨਹੀਂ, ਬਲਕਿ ਇੱਕ ਮੈਂਬਰ ਹਾਂ। ਉਨ੍ਹਾ ਕਿਹਾ, ‘ਦੋ ਸਾਲ ਪਹਿਲਾ ਸਾਡੇ ’ਚੋਂ 23 ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਇੱਕ ਚਿੱਠੀ ਲਿਖੀ ਸੀ ਅਤੇ ਕਿਹਾ ਸੀ ਕਿ ਪਾਰਟੀ ਦੀ ਸਥਿਤੀ ਚਿੰਤਾਜਨਕ ਹੈ। ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਸ ਚਿੱਠੀ ਤੋਂ ਬਾਅਦ ਕਾਂਗਰਸ ਸਾਰੀਆਂ ਵਿਧਾਨ ਸਭਾ ਚੋਣਾਂ ਹਾਰ ਗਈ।’ ਤਿਵਾੜੀ ਨੇ ਕਿਹਾ, ‘ਜਿਸ ਵਿਅਕਤੀ ਦੀ ਹੈਸੀਅਤ ਇੱਕ ਵਾਰਡ ਲੜਨ ਦੀ ਵੀ ਨਹੀਂ ਹੈ, ਜੋ ਵਿਅਕਤੀ ਕਦੀ ਕਾਂਗਰਸ ਨੇਤਾਵਾਂ ਦਾ ਚਪੜਾਸੀ ਹੋਇਆ ਕਰਦਾ ਸੀ, ਉਹ ਜਦ ਪਾਰਟੀ ਬਾਰੇ ਗਿਆਨ ਦਿੰਦਾ ਹੈ ਤਾਂ ਹਾਸਾ ਆਉਂਦਾ ਹੈ।’ ਉਨ੍ਹਾ ਕਿਹਾ ਕਿ ਉਨ੍ਹਾ ਨੂੰ ਕਿਸੇ ਤੋਂ ਸਰਟੀਫਿਕੇਟ ਦੀ ਜ਼ਰੂਰਤ ਨਹੀਂ। ਉਨ੍ਹਾ ਕਿਹਾ ਕਿ ਮੈਂ ਪਾਰਟੀ ਨੂੰ 42 ਸਾਲ ਦਿੱਤੇ। ਮੈਂ ਇਹ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਅਸੀਂ ਕਾਂਗਰਸ ਦੇ ਕਿਰਾਏਦਾਰ ਨਹੀਂ ਹਾਂ, ਅਸੀਂ ਪਾਰਟੀ ਦੇ ਮੈਂਬਰ ਹਾਂ। ਜੇਕਰ ਤੁਸੀਂ ਸਾਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੋਗੋ ਤਾਂ ਇਹ ਦੂਜੀ ਗੱਲ ਹੈ। ਫਿਰ ਦੇਖਿਆ ਜਾਵੇਗਾ।



