ਜਲੰਧਰ (ਕੇਸਰ)-ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਚੱਲ ਰਹੇ ਸਿਖਿਆਰਥੀ ਚੇਤਨਾ ਕੈਂਪ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ‘ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਲੋਕ ਆਵਾਜ਼’ ਵਿਸ਼ੇ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਐਕਟਿੰਗ ਸਕੱਤਰ ਡਾ. ਪਰਮਿੰਦਰ ਸਿੰਘ ਨੇ ਸੰਬੋਧਨ ਕੀਤਾ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਖੂੰਖ਼ਾਰ ਅਤੇ ਜੰਗਬਾਜ਼ ਰਾਸ਼ਟਰਵਾਦ ਦੇ ਪੇਟ ਵਿਚੋਂ ਫਾਸ਼ੀਵਾਦ ਜਨਮ ਲੈਂਦਾ ਹੈ। ਉਹਨਾ ਕਿਹਾ ਕਿ ਤਰੱਕੀ ਦੇ ਗਾਣੇ ਗਾਉਂਦੇ ਪੂੰਜੀਵਾਦ ਰਾਹੀਂ ਕਿਰਤੀ ਜਮਾਤ ਦੀ ਕੀਤੀ ਅੰਨ੍ਹੀ ਲੁੱਟ ਕਾਰਨ ਲੋਕ ਬਗ਼ਾਵਤਾਂ ਉੱਠਣ ਦੇ ਵਾ-ਵਰੋਲੇ ਅਤੇ ਤੂਫ਼ਾਨ ਇਸ ਫਾਸ਼ੀਵਾਦ ਨੂੰ ਡਰਾਉਂਦੇ ਰਹਿੰਦੇ ਹਨ। ਇਸ ਦੇ ਨਤੀਜੇ ਵੱਲੋਂ ਉਹ ਹੋਰ ਵੀ ਵਹਿਸ਼ੀਆਨਾ ਰੁਖ਼ ਧਾਰਨ ਕਰਨ ਦੇ ਰਾਹ ਪੈਂਦਾ ਹੈ। ਇਹ ਫਾਸ਼ੀਵਾਦੀ ਹਿੰਸਾ, ਚੈਂਬਰਾਂ ਵਿੱਚ ਗੈਸ ਛੱਡ ਕੇ ਹਜ਼ਾਰਾਂ ਲੋਕਾਂ ਨੂੰ ਪਲਾਂ-ਛਿਣਾਂ ਵਿੱਚ ਸਦਾ ਦੀ ਨੀਂਦ ਸੁਲਾ ਕੇ ਐਸ਼ੋ-ਇਸ਼ਰਤ ਨਾਲ ਰਾਜ ਭਾਗ ’ਤੇ ਬਹਿ ਕੇ ਲੋਕਾਂ ਉਪਰ ਚੌਤਰਫ਼ਾ ਕਹਿਰ ਢਾਹੁੰਦੀ ਹੈ। ਉਹਨਾ ਕਿਹਾ ਕਿ ਧਰਮ, ਫ਼ਿਰਕੇ, ਬੋਲੀ ਅਤੇ ਇਲਾਕੇ ਦੀਆਂ ਸ਼ਨਾਖ਼ਤਾਂ ਤੋਂ ਉਪਰ ਉੱਠ ਕੇ ਸਾਂਝੀ ਸੱਭਿਆਚਾਰਕ ਜ਼ਿੰਦਗੀ ਜਿਉਂਦੇ ਸਾਡੇ ਮੁਲਕ ਦੇ ਲੋਕਾਂ ਨੂੰ ਬਰਤਾਨਵੀ ਸਾਮਰਾਜਵਾਦ ਨੇ ਧਰਮ ਅਤੇ ਫ਼ਿਰਕੇ ਦੀਆਂ ਤੰਗ ਅਤੇ ਭਰਾ-ਮਾਰ ਵੰਡੀਆਂ ’ਚ ਵੰਡ ਕੇ ਉਹਨਾਂ ਦੀ ਸਾਂਝੀ ਜ਼ਿੰਦਗੀ ਨੂੰ ਤੀਲਾ-ਤੀਲਾ ਕੀਤਾ। ਫ਼ਿਰਕੂ ਫਾਸ਼ੀ ਦਮ ਘੁੱਟਵਾਂ ਅਤੇ ਇੱਕ-ਦੂਜੇ ਦਾ ਸਿਰ-ਵੱਢਣਾ ਜ਼ਹਿਰੀਲਾ ਵਾਤਾਵਰਣ ਸਿਰਜਿਆ।
ਡਾ. ਪਰਮਿੰਦਰ ਸਿੰਘ ਨੇ ਠੋਸ ਪ੍ਰਮਾਣਿਕ ਤੱਥਾਂ ਸਹਿਤ ਦਰਸਾਇਆ ਕਿ ਕਿਵੇਂ ਪਹਿਲਾਂ ਕਾਂਗਰਸ ਦੇ ਚੋਟੀ ਦੇ ਮੁਖੀਆਂ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਅਪਮਾਨਜਨਕ ਟਿੱਪਣੀਆਂ ਨਾਲ ਅੰਕਿਤ ਕੀਤਾ, ਇਸ ਤੋਂ ਅੱਗੇ ਵਧਦੀ ਹੋਈ ਅੱਜ ਮੋਦੀ ਹਕੂਮਤ ਅਤੇ ਆਰ ਐੱਸ ਐੱਸ, ਜਿਵੇਂ ਫ਼ਿਰਕੂ ਫਾਸ਼ੀ ਝੱਖੜ ਝੁਲਾਉਣ ’ਚ ਕਾਮਯਾਬ ਹੋ ਰਹੀ ਹੈ। ਇਸ ਦੀ ਜ਼ਮੀਨ ਤਿਆਰ ਕਰਨ ਲਈ ਕਾਂਗਰਸ ਦੇ ਆਗੂ ਵੀ ਮੁਜਰਮਾਨਾ ਭੂਮਿਕਾ ਤੋਂ ਬਰੀ ਨਹੀਂ। ਡਾ. ਪਰਮਿੰਦਰ ਨੇ ਕਿਹਾ ਕਿ ਫ਼ਿਰਕੂ ਫਾਸ਼ੀ ਹੱਲੇ ਦਾ ਸਾਰਥਕ ਟਾਕਰਾ ਲੋਕ-ਲਾਮਬੰਦੀ, ਲੋਕ-ਆਵਾਜ਼ ਅਤੇ ਲੋਕ-ਲਹਿਰ ਹੀ ਕਰ ਸਕਦੀ ਹੈ।
ਸਿਖਿਆਰਥੀਆਂ ਨੇ ਫਾਸ਼ੀਵਾਦ ਦੀ ਆਧਾਰਸ਼ਿਲਾ, ਉਠਾਣ, ਅੰਧ-ਰਾਸ਼ਟਰਵਾਦ, ਜਮਾਤ ਅਤੇ ਜਾਤ ਦਾ ਸੁਆਲ, ਫਾਸ਼ੀਵਾਦ ਦਾ ਟਾਕਰਾ ਕਿਵੇਂ ਹੋਵੇ, ਕੇਜਰੀਵਾਲ ਦੀ ਵਿਚਾਰਧਾਰਾ ਅਤੇ ਰਾਜਨੀਤੀ ਫਾਸ਼ੀ ਹੱਲਿਆਂ ਦੇ ਦੌਰ ’ਚ ਉਸ ਦੀ ਭੂਮਿਕਾ, ਇਤਿਹਾਸ ਦੇ ਸਿਰਜਣਹਾਰੇ ਲੋਕ ਕੀ ਅਕਸਰ ਹਾਸ਼ੀਏ ’ਤੇ ਹੀ ਧੱਕੇ ਰਹਿਣਗੇ ਜਾਂ ਉਹ ਹਵਾ ਦਾ ਰੁਖ਼ ਬਦਲ ਕੇ ਸਮਾਜ ਨੂੰ ਨਵੀਂ-ਨਕੋਰ ਨੁਹਾਰ ਦੇ ਦੇਣਗੇ ਵਰਗੇ ਕਿੰਨੇ ਹੀ ਸੁਆਲ ਕੀਤੇ। ਡਾ. ਪਰਮਿੰਦਰ ਨੇ ਬਹੁਤ ਹੀ ਤਸੱਲੀਬਖਸ਼ ਅੰਦਾਜ਼ ’ਚ ਸਿਖਿਆਰਥੀਆਂ ਦੇ ਸੁਆਲਾਂ ਦੇ ਜਵਾਬ ਦਿੱਤੇ। ਚੇਤਨਾ ਕੈਂਪ ਦੇ ਦੂਜੇ ਦਿਨ ਦੇ ਦੂਜੇ ਪੜਾਅ ’ਚ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ‘ਨਵੀਂ ਸਿੱਖਿਆ ਨੀਤੀ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਬਹੁਤ ਮਨ-ਲੁਭਾਉਣੀ ਅਤੇ ਭਰਮਾਊ ਬਣਾ ਕੇ ਇਉਂ ਪੇਸ਼ ਕੀਤੀ ਜਾਂਦੀ ਹੈ, ਜਿਸ ਤੋਂ ਆਮ ਲੋਕਾਂ ਨੂੰ ਭੁਲੇਖੇ ਖੜ੍ਹੇ ਹੋਣੇ ਸਮਝ ਆਉਂਦੇ ਹਨ।
ਉਹਨਾ ਦੱਸਿਆ ਕਿ ਪਹਿਲਾਂ ਸਿੱਖਿਆ ਨੀਤੀ ਵੀ ਲੋਕ-ਪੱਖੀ ਨਹੀਂ ਸੀ, ਪਰ ਹੁਣ ਤਾਜ਼ਾ ਬਣੀ ਸਿੱਖਿਆ ਨੀਤੀ ਮੁਕੰਮਲ ਤੌਰ ’ਤੇ ਸਿੱਖਿਆ ਦਾ ਨਿੱਜੀਕਰਣ ਕਰਨ ਲਈ ਹੀ ਨਿੱਜੀ ਕੰਪਨੀਆਂ ਵਾਸਤੇ ਅੰਨ੍ਹੀ ਕਮਾਈ ਕਰਨ ਦੇ ਸਾਰੇ ਰਾਹ ਮੋਕਲੇ ਕਰਨਾ ਹੈ। ਉਨ੍ਹਾ ਕਿਹਾ ਕਿ ਤਿੰਨ ਸਾਲ ਦੇ ਬੱਚੇ ਨੂੰ ਰਸਮੀ ਸਿੱਖਿਆ ਵਿੱਚ ਸ਼ਾਮਲ ਕਰਨ ਦੇ ਨਾਂਅ ਹੇਠ ਬੱਚੇ ਦੇ ਸ਼ਖ਼ਸੀਅਤ ਵਿਕਾਸ ਉਪਰ ਧਾਵਾ ਬੋਲਣਾ ਹੈ। ਹਰਵਿੰਦਰ ਭੰਡਾਲ ਨੇ ਕਿਹਾ ਕਿ ਹੁਣ ਕੇਂਦਰ ਨੇ ਸੂਬਿਆਂ ਅਤੇ ਧਰਾਤਲ ਪੱਧਰ ਤੋਂ ਸਿੱਖਿਆ ਨੀਤੀ ਬਾਰੇ ਸੁਝਾਅ ਲੈਣ ਦੀ ਨੌਟੰਕੀ ਕੀਤੀ, ਜਦੋਂ ਕਿ ਕੇਂਦਰ ਨੇ ਘੜੀ-ਘੜਾਈ ਨੀਤੀ ਮੁਲਕ ਭਰ ਦੇ ਲੋਕਾਂ ਸਿਰ ਮੜ੍ਹ ਦਿੱਤੀ ਹੈ। ਸਿੱਖਿਆ ਦੇ ਖੇਤਰ ’ਚ ਵੀ ਅਗਨਵੀਰ ਵਾਂਗ ‘ਸਿੱਖਿਆਵੀਰ’ ਦੇ ਨਾਂਅ ’ਤੇ ਠੇਕੇਦਾਰੀ ਪ੍ਰਬੰਧ ਮੜ੍ਹਿਆ ਜਾ ਰਿਹਾ ਹੈ। ਸਿੱਖਿਆ ਦਾ ਸਾਰਾ ਆਰਥਕ ਬੋਝ ਸਿਖਿਆਰਥੀਆਂ ਅਤੇ ਉਹਨਾਂ ਦੇ ਪਰਵਾਰਾਂ ਸਿਰ ਲੱਦਿਆ ਜਾਵੇਗਾ।
ਉਹਨਾ ਕਿਹਾ ਕਿ ਇਹ ਗਰੀਬ ਪਰਵਾਰਾਂ ਉਪਰ ਆਰਥਕ ਹੱਲਾ ਹੈ ਅਤੇ ਉਹਨਾਂ ਕੋਲੋਂ ਸਿੱਖਿਆ ਦੇ ਸਾਰੇ ਅਧਿਕਾਰ ਖੋਹ ਲੈਣਾ ਹੈ, ਵਿਸ਼ੇਸ਼ ਕਰਕੇ ਮਜ਼ਦੂਰ ਪਰਵਾਰਾਂ ਦੀਆਂ ਨੌਜਵਾਨ ਧੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਹੈ। ਉਹਨਾ ਕਿਹਾ ਕਿ ਵਿੱਦਿਆ ਦਾ ਪਹਿਲਾਂ ਹੀ ਖੋਖਲਾ ਅਤੇ ਜਰਜਰਾ ਢਾਂਚਾ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਨਾਲ ਗੁਲਾਮ ਪੈਦਾ ਕਰਨ ਦੇ ਰਾਹ ਪੱਧਰੇ ਕਰਨਾ ਹੈ। ਸਿਖਿਆਰਥੀਆਂ ਵੱਲੋਂ ਆਏ ਸੁਆਲਾਂ ਦੇ ਹਰਵਿੰਦਰ ਭੰਡਾਲ ਨੇ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ’ਚ ਜਵਾਬ ਦਿੱਤੇ।
ਪੀਪਲਜ਼ ਵਾਇਸ ਵੱਲੋਂ ਗੌਹਰ ਰਜ਼ਾ ਦੀ ‘ਇਨਕਲਾਬ’ ਅਤੇ ਸਹਿਲ ਇਬਰਾਹੀਮ ਅਤੇ ਅਮਿਤ ਦੁਆਰਾ ਨਿਰਦੇਸ਼ਤ ਫ਼ਿਲਮ ‘ਸਰਚਿੰਗ ਫਾਰ ਸਰਸਵਤੀ’ ਫ਼ਿਲਮਾਂ ਸਿਖਿਆਰਥੀਆਂ ਨੂੰ ਦਿਖਾਈਆਂ ਗਈਆਂ। ਪੀਪਲਜ਼ ਵਾਇਸ ਦੇ ਡਾ. ਸੈਲੇਸ਼ ਅਤੇ ਡਾ. ਮਹੇਸ਼ਵਰੀ ਨੇ ਫ਼ਿਲਮਾਂ ਅਤੇ ਪੀਪਲਜ਼ ਵਾਇਸ ਦੀਆਂ ਸਰਗਰਮੀਆਂ ’ਤੇ ਚਾਨਣਾ ਪਾਇਆ। ਸਿਖਿਆਰਥੀ ਚੇਤਨਾ ਕੈਂਪ 29 ਅਗਸਤ ਨੂੰ ਆਪਣੀ ਚਰਮ ਸੀਮਾ ’ਤੇ ਪੁੱਜੇਗਾ। ਅੱਜ ਦੇ ਸਿਖਿਆਰਥੀ ਚੇਤਨਾ ਕੈਂਪ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ ਸਮੇਤ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ, ਹਰਮੇਸ਼ ਮਾਲੜੀ, ਚਰੰਜੀ ਲਾਲ ਕੰਗਣੀਵਾਲ ਅਤੇ ਵਿਜੈ ਬੰਬੇਲੀ ਸ਼ਾਮਲ ਹੋਏ। ਸਿਖਿਆਰਥੀ ਚੇਤਨਾ ਕੈਂਪ ਦਾ ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।