ਊਨਾ : ਭਾਜਪਾ ਆਗੂ ਤੇ ਹਿਮਾਚਲ ਦੇ ਸਾਬਕਾ ਮੰਤਰੀ ਵੀਰੇਂਦਰ ਕੰਵਰ ਨੇ ਸੋਮਵਾਰ ਦਾਅਵਾ ਕੀਤਾ ਕਿ ਉਨ੍ਹਾ ਨੂੰ 20-25 ਲੱਖ ਰੁਪਏ ਦੀ ਫਿਰੌਤੀ ਦੀ ਕਾਲ ਆਈ ਅਤੇ ਅਣਪਛਾਤੇ ਕਾਲਰ ਨੇ ਧਮਕੀ ਦਿੱਤੀ ਕਿ ਜੇ ਮੰਗ ਪੂਰੀ ਨਾ ਹੋਈ ਤਾਂ ਅਗਵਾ ਕਰਕੇ ਜਾਨੋਂ ਮਾਰ ਦਿੱਤਾ ਜਾਵੇਗਾ। ਸ਼ਿਕਾਇਤ ਦੇ ਅਨੁਸਾਰ ਕਾਲਰ ਨੇ ਆਪਣਾ ਨਾਂਅ ਯੂ ਪੀ ਦੇ ਅਲੀਗੜ੍ਹ ਤੋਂ ਧਰਮਿੰਦਰ ਦੱਸਿਆ, ਪਰ ਟਰੂ ਕਾਲਰ ਐਪ ਵਿੱਚ ਉਸ ਦਾ ਨਾਂਅ ਇਰਫਾਨ ਖਾਨ ਦਿਖਾਈ ਦੇ ਰਿਹਾ ਸੀ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
19 ਵਿਦਿਆਰਥੀ ਬਿਮਾਰ
ਭੋਪਾਲ : ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ 19 ਵਿਦਿਆਰਥੀਆਂ ਨੂੰ ਹੋਸਟਲ ’ਚ ਇੱਕ ਪਾਰਟੀ ਦੌਰਾਨ ਖਾਣਾ ਖਾਣ ਤੋਂ ਬਾਅਦ ਉਲਟੀਆਂ ਤੇ ਦਸਤ ਲੱਗ ਗਏ। ਹਸਪਤਾਲ ਵਿੱਚ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦਾਲ-ਚੌਲ ਹੀ ਖਾਧੇ ਸਨ।
ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ
ਹਿਸਾਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਇੱਥੋਂ ਅਯੁੱਧਿਆ ਲਈ ਕਮਰਸ਼ੀਅਲ ਉਡਾਣ ਨੂੰ ਹਰੀ ਝੰਡੀ ਦਿਖਾਈ। ਇਸ ਦੇ ਨਾਲ ਹੀ ਉਨ੍ਹਾ ਹਵਾਈ ਅੱਡੇ ਅਤੇ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਿਆ। ਮਹਾਰਾਜਾ ਅਗਰਸੇਨ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ 410 ਕਰੋੜ ਰੁਪਏ ਤੋਂ ਵੱਧ ਦੀ ਅਨੁਮਾਨਤ ਲਾਗਤ ਨਾਲ ਬਣਾਈ ਜਾਵੇਗੀ। ਪ੍ਰੋਜੈਕਟ ਨੂੰ ਦੋ ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ।
ਸਲਮਾਨ ਨੂੰ ਧਮਕੀ
ਮੁੰਬਈ : ਟਰੈਫਿਕ ਪੁਲਸ ਨੂੰ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਸੁਨੇਹਾ ਮਿਲਿਆ ਹੈ ਅਤੇ ਇਸ ਸੰਬੰਧ ’ਚ ਕੇਸ ਦਰਜ ਕੀਤਾ ਗਿਆ ਹੈ। ਐਤਵਾਰ ਵਟਸਐਪ ਹੈਲਪਲਾਈਨ ’ਤੇ ਪ੍ਰਾਪਤ ਹੋਏ ਸੁਨੇਹੇ ਵਿੱਚ ਅਦਾਕਾਰ ਦੀ ਕਾਰ ਨੂੰ ਉਡਾਉਣ ਅਤੇ ਉਸ ਦੇ ਘਰ ਵਿਚ ਦਾਖਲ ਹੋ ਕੇ ਉਸ ਨੂੰ ਕੁੱਟਣ ਦੀ ਧਮਕੀ ਦਿੱਤੀ ਗਈ।