ਨਕੋਦਰ ’ਚ ਨਾਅਰੇ ਲਿਖਣ ਵਾਲੇ ਤਿੰਨ ਗਿ੍ਰਫਤਾਰ

0
12

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)
ਦਿਹਾਤੀ ਪੁਲਸ ਨੇ ਖਾਲਿਸਤਾਨ ਦੇ ਸਮਰਥਨ ਵਿੱਚ ਨਕੋਦਰ ’ਚ ਨਾਅਰੇ ਲਿਖਣ ਵਾਲੇ ਤਿੰਨ ਨੌਜਵਾਨਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਤਿੰਨਾਂ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਖਾਲਿਸਤਾਨ ਸਮਰਥਕ ਅਤੇ ਅੱਤਵਾਦੀ ਗੁਰਪਤਵੰਤ ਪਨੂੰ ਨੇ ਨਾਅਰੇ ਲਿਖਣ ਲਈ ਕਿਹਾ ਸੀ। ਤਿੰਨੋਂ ਹੀ 19 ਸਾਲ ਦੇ ਹਨ। ਇਨ੍ਹਾਂ ਦੀ ਪਛਾਣ ਤੇਜਪਾਲ ਸਿੰਘ ਉਰਫ ਪਾਲੀ ਵਾਸੀ ਮੁਹੱਲਾ ਰਣਜੀਤ ਨਗਰ ਨਕੋਦਰ, ਕਾਰਤਿਕ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨਕੋਦਰ ਅਤੇ ਵੀਰ ਸੁਖਪਾਲ ਸਿੰਘ ਵਾਸੀ ਖਾਨਪੁਰ ਢੱਡਾ (ਨਕੋਦਰ) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਸ ਨੇ ਅਮਰੀਕਾ ਰਹਿੰਦੇ ਗੁਰਪਤਵੰਤ ਪਨੂੰ, ਕੈਨੇਡਾ ਸਥਿਤ ਅੱਤਵਾਦੀ ਬਲਕਰਨ ਸਿੰਘ ਅਤੇ ਯੂ ਕੇ ਸਥਿਤ ਅੱਤਵਾਦੀ ਜਸਕਰਨ ਪ੍ਰੀਤ ਸਿੰਘ ਉਰਫ ਬਾਵਾ ਨੂੰ ਵੀ ਨਾਮਜ਼ਦ ਕੀਤਾ ਹੈ। ਐੱਸ ਐੱਸ ਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਕੈਨੇਡਾ ਤੋਂ ਬਲਕਰਨ ਸਿੰਘ ਨੇ ਵੀਰ ਸੁਖਪਾਲ ਸਿੰਘ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਅਤੇ ਅਪਰਾਧ ਦੀ ਯੋਜਨਾ ਬਣਾਈ। ਇਸ ਤੋਂ ਬਾਅਦ ਉਸ ਨੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਨਕੋਦਰ ਬਾਈਪਾਸ ਨੇੜੇ ਖਾਲਿਸਤਾਨੀ ਨਾਅਰੇ ਲਿਖੇ। ਇਸ ਦੀ ਵੀਡੀਓ ਬਣਾਈ ਗਈ ਅਤੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਨੂੰ ਭੇਜੀ ਗਈ। ਇਸ ਤੋਂ ਬਾਅਦ ਇਨ੍ਹਾਂ ਨੂੰ ਪੋਸਟ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ।