ਫਿਰਕਾਪ੍ਰਸਤ ਤਾਕਤਾਂ ਨੂੰ ਭਾਂਜ ਦੇਣ ਦੀ ਲੋੜ : ਬੰਤ ਬਰਾੜ

0
12

ਧਾਰੀਵਾਲ (ਮਨਦੀਪ ਸਿੰਘ ਵਿੱਕੀ)
ਹਰ ਸਾਲ ਦੀ ਤਰ੍ਹਾਂ ਕਾਮਰੇਡ ਤੇਜਾ ਸਿੰਘ ਸੁਤੰਤਰ (1901 ਤੋਂ 1973) ਦੀ ਬਰਸੀ ’ਤੇ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਲੋਕ ਪਿੰਡ ਅਲੂਣਾ ਪੁੱਜੇ। ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਗੁਲਜਾਰ ਸਿੰਘ ਬਸੰਤ ਕੋਟ, ਹਰਜੀਤ ਸਿੰਘ ਕਾਹਲੋਂ, ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ, ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ, ਅਸ਼ਵਨੀ ਕੁਮਾਰ ਲੱਖਣ ਕਲਾਂ, ਜਗਜੀਤ ਸਿੰਘ ਅਲੂਣਾ, ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਣ ਆਦਿ ਨੇ ਕੀਤੀ। ਪ੍ਰਧਾਨਗੀ ਮੰਡਲ ਤੋਂ ਬਿਨਾਂ ਮੱਖਣ ਸਿੰਘ ਕੁਹਾੜ, ਸਤਬੀਰ ਸਿੰਘ ਸੁਲਤਾਨੀ, ਸੁੱਚਾ ਸਿੰਘ ਛੋਟੇਪੁਰ, ਬਲਬੀਰ ਸਿੰਘ ਕੱਤੋਵਾਲ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਸੁਤੰਤਰ ਜੀ ਦੇ ਨਾਲ-ਨਾਲ ਉਹਨਾ ਦੇ ਭਰਾ ਮੇਦਨ ਸਿੰਘ ਮੇਦਨ ਨੂੰ ਵੀ ਯਾਦ ਕੀਤਾ।
ਬੰਤ ਸਿੰਘ ਬਰਾੜ ਨੇ ਕਿਹਾ ਕਿ ਕਿ ਤੇਜਾ ਸਿੰਘ ਸੁਤੰਤਰ ਇਕ ਮਹਾਨ ਇਨਕਲਾਬੀ ਯੋਧਾ ਸੀ, ਉਹ ਭਾਰਤ ਵਿੱਚ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਲਈ ਲੜ ਰਿਹਾ ਸੀ। ਪਹਿਲਾਂ ਅੰਗਰੇਜ਼ਾਂ ਖਿਲਾਫ ਲੜਦਾ ਰਿਹਾ ਤੇ ਫਿਰ ਭਾਰਤੀ ਹਾਕਮਾਂ ਦੇ ਵਿਰੁੱਧ। ਜੇ ਉਹ ਅੱਜ ਜਿਉਦਾ ਹੁੰਦਾ ਤਾਂ ਉਸ ਨੇ ਭਾਰਤੀ ਜਨਤਾ ਪਾਰਟੀ ਤੇ ਆਰ ਐੱਸ ਐੱਸ ਦੀਆਂ ਫਿਰਕਾਪ੍ਰਸਤ ਅਤੇ ਘੱਟ ਗਿਣਤੀ ਖਾਸ ਕਰ ਮੁਸਲਿਮ ਵਿਰੋਧੀ ਨੀਤੀਆਂ ਵਿਰੁੱਧ ਲੜਨਾ ਸੀ। ਉਹਨਾ ਕਿਹਾ ਕਿ ਇਹ ਕੰਮ ਹੁਣ ਸਾਨੂੰ ਕਰਨਾ ਹੋਵੇਗਾ। ਉਹਨਾ ਕਿਹਾ ਕਿ ਲੋਕਾਂ ਨੂੰ ਆਪਸ ਵਿੱਚ ਪਾੜ ਕੇ ਪਹਿਲਾਂ ਅੰਗਰੇਜ਼ ਰਾਜ ਕਰਦੇ ਸਨ, ਹੁਣ ਭਾਰਤੀ ਜਨਤਾ ਪਾਰਟੀ ਉਸੇ ਲੀਹ ’ਤੇ ਚੱਲ ਰਹੀ ਹੈ।
ਮਾੜੀਮੇਘਾ ਨੇ ਵਕਫ ਸੋਧ ਕਨੂੰਨ ਦਾ ਸਖਤ ਵਿਰੋਧ ਕੀਤਾ ਤੇ ਇਸ ਨੂੰ ਘੱਟ ਗਿਣਤੀਆਂ ਦੇ ਧਾਰਮਕ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਆਖਿਆ। ਬੁਲਾਰਿਆਂ ਨੇ ਪੰਜਾਬ ਦੀ ਮਾਨ ਤੇ ਕੇਂਦਰ ਦੀ ਮੋਦੀ ਸਰਕਾਰ ਦੀ ਮਜ਼ਦੂਰ, ਕਿਸਾਨ ਤੇ ਲੋਕ ਵਿਰੋਧੀ ਨੀਤੀ ਦੀ ਸਖਤ ਆਲੋਚਨਾ ਕਰਦਿਆਂ ਇੱਕਮੁੱਠ ਹੋ ਕੇ ਇਸ ਵਿਰੁੱਧ ਲੜਨ ਦਾ ਅਹਿਦ ਕੀਤਾ। ਰਾਣਾ ਸੋਢੀ ਕਲਾ ਮੰਚ ਲਾਂਬੜਾ ਵੱਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਗਏ। ਲੰਗਰ ਵੀ ਅਤੁੱਟ ਵਰਤਿਆ ਤੇ ਬਾਅਦ ਵਿੱਚ ਕਬੱਡੀ ਮੈਚ ਵੀ ਹੋਏ। ਸਟੇਜ ਦੀ ਕਾਰਵਾਈ ਬਲਬੀਰ ਸਿੰਘ ਬਾਜਵਾ ਨੇ ਬਾਖੂਬੀ ਨਿਭਾਈ।