ਵਾਂਗਚੁੱਕ ਵੱਲੋਂ ਭਾਰਤ ਨੂੰ ਅਮਰੀਕਾ ਦੀ ਨਕਲ ਨਾ ਕਰਨ ਦੀ ਸਲਾਹ

0
25

ਨਵੀਂ ਦਿੱਲੀ : ਅਮਰੀਕਾ ਵਿੱਚ ਇੱਕ ਘੰਟਾ ਟਰੇਨ ਲੇਟ ਹੋਣ ਦੀ ਔਖਿਆਈ ਝੱਲਣ ਵਾਲੇ ਇੰਜੀਨੀਅਰ ਤੇ ਜਲਵਾਯੂ ਕਾਰਕੁੰਨ ਸੋਨਮ ਵਾਂਗਚੁੱਕ ਨੇ ਅਮਰੀਕਾ ਦੇ ਰੇਲ ਸਿਸਟਮ ਦੀ ਅਲੋਚਨਾ ਕਰਦਿਆਂ ਇਸ ਨੂੰ ਪ੍ਰਦੂਸ਼ਣ ਫੈਲਾਉਦੀਆਂ ਕਾਰਾਂ ਤੇ ਜਹਾਜ਼ਾਂ ’ਤੇ ਬਹੁਤੀ ਨਿਰਭਰਤਾ ਦਾ ਨਤੀਜਾ ਦੱੱਸਿਆ ਹੈ। ਉਨ੍ਹਾ ਇਹ ਵੀ ਕਿਹਾ ਕਿ ਟਰੇਨਾਂ ਆਵਾਜਾਈ ਦਾ ਕਾਰਗਰ ਜ਼ਰੀਆ ਮੰਨਿਆ ਜਾਂਦਾ ਹੈ, ਅਮਰੀਕਾ ਵਿੱਚ ਇਨ੍ਹਾਂ ’ਤੇ ਵਧੀ ਬੇਵਿਸ਼ਵਾਸੀ ਨੇ ਲੋਕਾਂ ਨੂੰ ਕਾਰਾਂ ਤੇ ਜਹਾਜ਼ਾਂ ’ਤੇ ਵਧੇਰੇ ਨਿਰਭਰ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਵਾਂਗਚੁੱਕ ਨੇ ਕਿਹਾ ਹੈ ਕਿ ਭਾਰਤ ਨੂੰ ਅਮਰੀਕੀਆਂ ਦੀ ਨਕਲ ਨਹੀਂ ਕਰਨੀ ਚਾਹੀਦੀ।
ਉਨ੍ਹਾ ਨੋਟ ਕੀਤਾ ਹੈ ਕਿ ਅਮਰੀਕਾ ਵਿੱਚ ਚਾਣਚੱਕ ਬਦਲਦਾ ਮੌਸਮ ਵੀ ਟਰੇਨਾਂ ਲੇਟ ਕਰਦਾ ਹੈ, ਜਿਸ ਲਈ ਸਿਸਟਮ ਵਿੱਚ ਲਚਕ ਲਿਆਉਣੀ ਚਾਹੀਦੀ ਹੈ। ਅਮਰੀਕਾ ਵਿੱਚ ਰੇਲਵੇ ਦੀ ਹਾਲਤ ਬਹੁਤ ਹੀ ਮਾੜੀ ਹੈ। ਪਹਿਲਾਂ ਰੇਲਾਂ ਦਾ ਸੁਨਹਿਰੀ ਯੁੱਗ ਹੁੰਦਾ ਸੀ, ਪਰ ਕਾਰਾਂ ਤੇ ਜਹਾਜ਼ਾਂ ਦੇ ਵਧਣ ਨਾਲ ਪਤਨ ਸ਼ੁਰੂ ਹੋ ਗਿਆ। ਕਾਰ ਬਣਾਉਣ ਵਾਲੀਆਂ ਕੰਪਨੀਆਂ ਦਾ ਸਰਕਾਰ ’ਤੇ ਕਾਫੀ ਕੰਟਰੋਲ ਹੈ। ਉਹ ਹਾਈਵੇਜ਼ ਦੀਆਂ ਗਿਣਤੀ ਵਧਾਉਣ ਲਈ ਜ਼ੋਰ ਪਾਉਦੀਆਂ ਹਨ, ਜਿਸ ਨਾਲ ਰੇਲਵੇ ਸੰਪਰਕਤਾ ’ਤੇ ਬੁਰਾ ਪ੍ਰਭਾਵ ਪੈਂਦਾ ਹੈ।
ਵਾਂਗਚੁੱਕ ਨੇ ਪੋਸਟ ਕੀਤੀ ਵੀਡੀਓ ਵਿੱਚ ਕਿਹਾ ਹੈ, ‘‘ਅਮਰੀਕਾ ਵਿੱਚ ਕਾਰ ਖਰੀਦਣੀ ਮਜਬੂਰੀ ਹੈ। ਲੋਕ ਕਾਰਾਂ ’ਤੇ ਬਹੁਤ ਨਿਰਭਰ ਹਨ, ਕਿਉਕਿ ਪਬਲਿਕ ਟਰਾਂਸਪੋਰਟ ਬਹੁਤ ਘੱਟ ਹੈ। ਮੈਂ ਸਮਝਦਾਂ ਕਿ ਸਿਰਫ ਇਹੀ ਕਾਰਨ ਹੈ ਕਿ ਅਮਰੀਕਾ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਾ ਧੂੰਆਂ ਦੁਨੀਆ ਦੇ ਮੁਕਾਬਲੇ ਸਭ ਤੋਂ ਵੱਧ ਨਿਕਲਦਾ ਹੈ। ਅਮਰੀਕੀਆਂ ਨੇ ਗਲਤ ਰਾਹ ਅਪਨਾਇਆ, ਜਿਸ ਨੇ ਇਹ ਹਾਲਾਤ ਪੈਦਾ ਕਰ ਦਿੱਤੇ।’’
ਅਮਰੀਕੀ ਪਰਿਆਵਰਣ ਰਾਖੀ ਏਜੰਸੀ (ਈ ਪੀ ਏ) ਮੁਤਾਬਕ ਅਮਰੀਕਾ ਨਿੱਜੀ ਵਾਹਨਾਂ ’ਤੇ ਨਿਰਭਰ ਕਰਦਾ ਹੈ ਅਤੇ ਮੋਟਰ-ਗੱਡੀਆਂ ਗ੍ਰੀਨਹਾਊਸ ਗੈਸਾਂ ਛੱਡਣ ਵਿੱਚ ਸਭ ਤੋਂ ਵੱਧ ਹਿੱਸਾ ਪਾਉਦੀਆਂ ਹਨ।
ਵਾਂਗਚੁੱਕ ਨੇ ਕਿਹਾ ਹੈ ਕਿ ਭਾਰਤੀ ਰੇਲਵੇ ਨੂੰ ਅਮਰੀਕਾ ਦੀ ਨਕਲ ਨਹੀਂ ਕਰਨੀ ਚਾਹੀਦੀ। ਸਰਕਾਰ ਨੂੰ ਭਾਰਤੀ ਰੇਲਵੇ ਵੱਲ ਵਧੇਰੇ ਧਿਆਨ ਦੇ ਕੇ ਇਸ ਦੀ ਹਾਲਤ ਸੁਧਾਰਨੀ ਚਾਹੀਦੀ ਹੈ। ਭਾਰਤ ਨੂੰ ਰੇਲਵੇ ’ਤੇ ਵਧੇਰੇ ਫੋਕਸ ਕਰਨਾ ਚਾਹੀਦਾ ਹੈ, ਕਿਉਕਿ ਇਹ ਲੋਕਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਨਾਲ ਜੋੜਦੀ ਹੈ। ਸਰਕਾਰ ਨੂੰ ਰੇਲਾਂ ਦੀ ਰਫਤਾਰ ਵਧਾਉਣੀ ਚਾਹੀਦੀ ਹੈ ਤਾਂ ਜੋ ਲੋਕ ਇਨ੍ਹਾਂ ’ਤੇ ਸਫਰ ਕਰਨ ਨੂੰ ਪਹਿਲ ਦੇਣ। ਉਨ੍ਹਾ ਕਿਹਾ ਕਿ ਚੀਨ, ਯੂਰਪ ਤੇ ਜਾਪਾਨ ਬਿਹਤਰੀਨ ਮਿਸਾਲਾਂ ਹਨ ਤੇ ਭਾਰਤ ਨੂੰ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ।
ਵਾਂਗਚੁੱਕ ਇਸ ਤੋਂ ਪਹਿਲਾਂ ਵੰਦੇ ਭਾਰਤ ਟਰੇਨ ਦੀ ਹਮਾਇਤ ਕਰ ਚੁੱਕੇ ਹਨ, ਕਿਉਕਿ ਇਹ ਜਹਾਜ਼ਾਂ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਫੈਲਾਉਦੀ ਹੈ। ਉਹ ਇਸ ਗੱਲ ’ਤੇ ਵੀ ਜ਼ੋਰ ਦੇ ਚੁੱਕੇ ਹਨ ਕਿ ਟਰਾਂਸਪੋਰਟ ਸਿਸਟਮ ਦਾ ਵਿਕਾਸ ਕਰਦਿਆਂ ਪਰਿਆਵਰਣ ਦਾ ਖਿਆਲ ਰੱਖਣਾ ਚਾਹੀਦਾ ਹੈ। ਜਹਾਜ਼ ’ਤੇ ਸਫਰ ਕਰਨਾ ਜਲਵਾਯੂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਦਾ ਹੈ। ਇਸ ’ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ।