ਅਮਰੀਕਾ ਸਾਹਮਣੇ ‘ਆਤਮ ਸਮਰਪਣ’ ਸਾਮਰਾਜਵਾਦ ਵਿਰੋਧੀ ਹਰ ਸਿਧਾਂਤ ਨੂੰ ਧੋਖਾ ਦੇਣ ਦੇ ਤੁਲ : ਰਾਜਨ ਸੀ. ਸਾਗਰ

0
151

ਨਾਗਾਪਟੀਨਮ (ਤਾਮਿਲਨਾਡੂ)  (ਗਿਆਨ ਸੈਦਪੁਰੀ)
‘ਮੋਦੀ ਸਰਕਾਰ ਦਾ ਅਮਰੀਕਾ ਸਾਹਮਣੇ ਸਮਰਪਣ ਭਾਰਤ ਦੇ ਸਾਮਰਾਜਵਾਦ ਵਿਰੋਧੀ ਹਰ ਸਿਧਾਂਤ ਨੂੰ ਧੋਖਾ ਦੇਣਾ ਹੈ। ਜਦੋਂ ਭਾਰਤ ਦਾ ਵਿਦੇਸ਼ ਮੰਤਰੀ ਐੱਮ ਜੈਸ਼ੰਕਰ ਇਸ ਆਤਮ ਸਮਰਪਣ ਨੂੰ ਭਾਰਤ ਦੀ ਕੂਟਨੀਤਕ ਸਫਲਤਾ ਦੱਸਦਾ ਹੈ ਤਾਂ ਇਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਹਾਨ ਕੁਰਬਾਨੀ ਅਤੇ ਮਹਾਤਮਾ ਗਾਂਧੀ ਦੇ ਸਵਦੇਸ਼ੀ ਅੰਦੋਲਨ ਦੇ ਸੰਕਲਪ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰਾਜਨ ਸਾਗਰ ਨੇ ਕੀਤਾ। ਉਹ ਇੱਥੇ ਚੱਲ ਰਹੀ ਕੁਲ ਹਿੰਦ ਕਿਸਾਨ ਸਭਾ ਦੀ 30ਵੀਂ ਕੌਮੀ ਕਾਨਫਰੰਸ ਅੱਗੇ ਰਿਪੋਰਟ ਪੇਸ਼ ਕਰ ਰਹੇ ਸਨ। ਉਨ੍ਹਾ ਕਿਹਾ ਕਿ ਪਿਛਲੀ ਕੌਮੀ ਕਾਨਫਰੰਸ 2016 ਵਿੱਚ ਤਿਲੰਗਾਨਾ ਸੂਬੇ ਦੇ ਸ਼ਹਿਰ ਹੈਦਰਾਬਾਦ ਵਿੱਚ ਹੋਈ ਸੀ। ਉਸ ਕਾਨਫਰੰਸ ਤੋਂ ਬਾਅਦ ਵਿਸ਼ਵ ਅਤੇ ਭਾਰਤ ਵਿੱਚ ਸਮਾਜਕ ਅਤੇ ਆਰਥਕ ਪ੍ਰਵਰਤਨਾਂ ਨੂੰ ਸਮਝਣ ਦੀ ਲੋੜ ਹੈ। ਇਸ ਸਮੇਂ ਭਾਰਤ ਦੀ ਹਾਲਤ ਬਿਆਨ ਕਰਦਿਆਂ ਰਾਜਨ ਨੇ ਕਿਹਾ ਕਿ ਸਾਡਾ ਦੇਸ਼ ਇਸ ਸਮੇਂ ਚੌਰਾਹੇ ’ਤੇ ਖੜਾ ਹੈ। ਉਨ੍ਹਾ ਕਿਹਾ ਕਿ ਜਿਸ ਧਰਤੀ ਨੇ ਕ੍ਰਾਂਤੀਕਾਰੀਆਂ ਨੂੰ ਜਨਮ ਦਿੱਤਾ, ਉਹ ਟੈਰਿਫ ਅੱਤਿਆਚਾਰਾਂ ਅੱਗੇ ਝੁਕ ਨਹੀਂ ਸਕਦੀ। ਕਿਸਾਨ ਸੰਗਠਨਾਂ, ਵਪਾਰੀਆਂ ਅਤੇ ਨਾਗਰਿਕ ਸਮਾਜ ਨੂੰ ਇੱਕਜੁੱਟ ਹੋ ਕੇ ਸਿਰਫ ਵਾਸ਼ਿੰਗਟਨ ਨਾਲ ਹੀ ਨਹੀਂ, ਸਗੋਂ ਦਿੱਲੀ ਵਿਰੁੱਧ ਵੀ ਲੜਨਾ ਹੋਵੇਗਾ। ਇੱਕ ਦੇਸ਼, ਜਿਸ ਦੀ ਪ੍ਰਤਿਸ਼ਟਾ ਖੋਹ ਲਈ ਗਈ ਹੋਵੇ, ਇਸ ਦੇ ਲੋਕ ਵਿਦੇਸ਼ੀ ਪੂੰਜੀ ਦੇ ਗੁਲਾਮ ਹੋਣ ਤੇ ਉਸ ਦਾ ਭਵਿੱਖ ਸਭ ਤੋਂ ਉੱਚੀ ਬੋਲੀ ਲਾਉਣ ਵਾਲੇ ਨੂੰ ਨਿਲਾਮ ਕਰ ਦਿੱਤਾ ਜਾਵੇ, ਅਜਿਹੀ ਸਥਿਤੀ ਵਿੱਚ ਆਪਣੇ ਮੁਲਕ ਦੀ ਹੋਂਦ ਲਈ ਸੰਘਰਸ਼ ਕਰਨਾ ਲਾਜ਼ਮੀ ਬਣ ਜਾਂਦਾ ਹੈ। ਉਹਨਾ ਕਿਹਾ ਕਿ ਭਾਜਪਾ- ਆਰ ਐੱਸ ਐਸ ਨੇ ਜਨਤਕ ਜੀਵਨ ਦੇ ਹਰ ਪਹਿਲੂ ਵਿੱਚ ਸੰਪਰਦਾਇਕ ਧਰੁਵੀਕਰਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਰੱਖੀਆਂ ਹੋਈਆਂ ਹਨ। ਘੱਟ ਗਿਣਤੀਆਂ ਵਿਰੁੱਧ ਨਫ਼ਰਤ ਫੈਲਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਨਵ-ਫਾਸ਼ੀਵਾਦ ਅੱਤਵਾਦ ਦਾ ਮਾਹੌਲ ਪੈਦਾ ਕੀਤਾ ਗਿਆ ਹੈ। ਹੋਲੀ ਦੇ ਦਿਨਾਂ ਦੌਰਾਨ ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਨਿੰਦਣਯੋਗ ਘਟਨਾਵਾਂ ਸੰਵਿਧਾਨਕ ਅਧਿਕਾਰਾਂ ਨੂੰ ਕਾਇਮ ਰੱਖਣ ਵਿੱਚ ਪ੍ਰਸ਼ਾਸਨ ਦੀਆਂ ਨੀਤੀਆਂ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ।
ਰਾਜਨ ਨੇ ਰੂਸ-ਯੂਕਰੇਨ ਯੁੱਧ ਅਤੇ ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਬਾਰੇ ਵੀ ਵਿਸਥਾਰ ਨਾਲ ਜ਼ਿਕਰ ਕੀਤਾ।
ਇਸ ਉਪਰੰਤ ਸਭਾ ਦੇ ਜਨਰਲ ਸਕੱਤਰ ਰਾਹੁਲਾ ਵੈਂਕਈਆ ਨੇ ਜਥੇਬੰਦਕ ਰਿਪੋਰਟ ਪੇਸ਼ ਕੀਤੀ। ਕਾਨਫਰੰਸ ਨੂੰ ਭਾਰਤੀ ਮਹਿਲਾ ਫੈਡਰੇਸ਼ਨ ਦੀ ਜਨਰਲ ਸਕੱਤਰ ਨਿਸ਼ਾ ਸਿੱਧੂ ਨੇ ਸੰਬੋਧਨ ਕਰਦਿਆਂ ਕਿਸਾਨ ਸਭਾ ਦਾ ਡਟ ਕੇ ਸਾਥ ਦੇਣ ਦੇ ਇਕਰਾਰ ਦੇ ਨਾਲ ਔਰਤਾਂ ਨੂੰ ਕਿਸਾਨ ਅੰਦੋਲਨ ਵਿੱਚ ਅਣਗੌਲਿਆ ਕਰਨ ਦਾ ਗਿਲਾ ਵੀ ਕੀਤਾ। ਨਿਸ਼ਾ ਸਿੱਧੂ ਨੇ ਫਸਲਾਂ ਵੇਚਣ ਮੌਕੇ ਵੀ ਔਰਤਾਂ ਨੂੰ ਪਾਸੇ ਰੱਖਣ ਦੀ ਵੇਦਨਾ ਦੱਸੀ। ਉਨ੍ਹਾ ਕਿਹਾ ਕਿ ਸਵੇਰੇ ਉੱਠ ਕੇ ਨਿੱਤ ਪ੍ਰਤੀ ਦੇ ਕੰਮ ਤੋਂ ਇਲਾਵਾ ਖੇਤ ਵਿੱਚ ਰੋਟੀ ਪਹੁੰਚਾਉਣੀ ਤੇ ਰਾਤ ਨੂੰ ਰੋਟੀ-ਟੁੱਕ ਦਾ ਆਹਰ ਵੀ ਔਰਤਾਂ ਦੇ ਹਿੱਸੇ ਆਉਦਾ ਹੈ। ਜਦੋਂ ਫਸਲ ਮੰਡੀ ਲੈ ਕੇ ਜਾਣ ਦਾ ਸਮਾਂ ਆਉਦਾ ਹੈ ਤਾਂ ਓਦੋਂ ‘ਰਾਮੂ ਹੀ ਜਾਂਦਾ ਹੈ, ਰਾਧਾ ਕਿਉ ਨਹੀਂ ਜਾਂਦੀ? ’ ਨਿਸ਼ਾ ਸਿੱਧੂ ਨੇ ਹੋਰ ਖੇਤਰਾਂ ਵਿੱਚ ਔਰਤਾਂ ਨਾਲ ਹੁੰਦੇ ਅੱਤਿਆਚਾਰਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।
ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਸਕੱਤਰ ਤਿਰੁਮਲਾਈ ਰਾਮਨ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਦਿਨੇਸ਼ ਸੀਰੰਗਾ ਰਾਜਨ ਨੇ ਵੀ ਕਿਸਾਨ ਸਭਾ ਦੀ ਕੌਮੀ ਕਾਨਫਰੰਸ ਨੂੰ ਸੰਬੋਧਨ ਕੀਤਾ। ਇਨ੍ਹਾਂ ਨੌਜਵਾਨ ਆਗੂਆਂ ਨੇ ਭਾਰਤ ਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦੇਸ਼ ਦੇ ਸਮੁੱਚੇ ਹਾਲਾਤ ਦੀ ਚੀਰ-ਫਾੜ ਕੀਤੀ। ਇੱਥੇ ਨਿਆਂ ਦੇ ਖੰਭ ਲਾ ਕੇ ਉੱਡ ਜਾਣ ਦੇ ਸੰਦਰਭ ਵਿੱਚ ਤਿਰੁਮਲਾਈ ਨੇ ਕਿਹਾ ਕਿ ਭਾਰਤ ਅਨਿਆਂ ਵਾਲਾ ਦੇਸ਼ ਹੈ। ਨੌਜਵਾਨ ਆਗੂਆਂ ਨੇ ਕੁਲ ਹਿੰਦ ਕਿਸਾਨ ਸਭਾ ਨਾਲ ਆਪੋ-ਆਪਣੀਆਂ ਜਥੇਬੰਦੀਆਂ ਵੱਲੋਂ ਯਕਯਹਿਤੀ ਦਾ ਪ੍ਰਗਟਾਵਾ ਕੀਤਾ।
ਹਾਊਸ ਵਿੱਚ ਪੇਸ਼ ਕੀਤੀ ਗਈ ਰਿਪੋਰਟ ’ਤੇ ਕਾਨਫਰੰਸ ਦੇ ਦੂਸਰੇ ਦਿਨ ਯਾਨਿ 16 ਅਪ੍ਰੈਲ ਨੂੰ ਭਖਵੀਂ ਬਹਿਸ ਹੋਈ। ਇਸ ਬਹਿਸ ਵਿੱਚ ਬਹੁਤ ਸਾਰੇ ਰਾਜਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਭੁਵਨੇਸ਼ਵਰ ਪ੍ਰਸ਼ਾਸ ਮਹਿਤਾ ਸਾਬਕਾ ਮੈਂਬਰ ਪਾਰਲੀਮੈਂਟ (ਝਾਰਖੰਡ), ਆਸਾਮ ਤੋਂ ਜੈਅੰਤਾ ਗੋਗੋਈ, ਮਨੀਪੁਰ, ਆਂਧਰਾ ਪ੍ਰਦੇਸ਼, ਉੜੀਸਾ ਦੇ ਡੈਲੀਗੇਟਾਂ ਨੇ ਵੀ ਹਿੱਸਾ ਲਿਆ। ਕੁਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਰਿਪੋਰਟ ਵਿੱਚ ਦਿੱਲੀ ਦੀਆਂ ਬਰੂਹਾਂ ’ਤੇ ਲੜੇ ਕਿਸਾਨੀ ਅੰਦੋਲਨ ਵਿੱਚ ਪੰਜਾਬ ਦੀ ਭੂਮਿਕਾ ਦਾ ਪੂਰਾ ਜ਼ਿਕਰ ਨਹੀਂ ਹੈ। ਇਸ ਅੰਦੋਲਨ ਵਿੱਚ ਪੰਜਾਬੀ ਪ੍ਰਵਾਸੀਆਂ ਨੇ ਵੀ ਕਰੋੜਾਂ ਰੁਪਏ ਖਰਚ ਕੇ ਵੱਡੀ ਭੂਮਿਕਾ ਨਿਭਾਈ ਸੀ। ਬਰਾੜ ਨੇ ਪੰਜਾਬ ਨਾਲ ਸੰਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।ਕੁਲ ਹਿੰਦ ਕਿਸਾਨ ਸਭਾ ਦੀ ਪੰਜਾਬ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲ ਨੇ ਪੰਜਾਬ ਦੇ ਦਰਿਆਵਾਂ ਦੇ ਪ੍ਰਦੂਸ਼ਣ ਦਾ ਸਵਾਲ ਉਠਾਇਆ। ਉਨ੍ਹਾ ਕਿਹਾ ਕਿ ਪੰਜ ਦਰਿਆਵਾਂ ਦੇ ਨਾਂਅ ’ਤੇ ਪੰਜਾਬ ਬਣਿਆ ਸੀ। ਹੁਣ ਪੰਜਾਂ ਦੀ ਥਾਂ ਦੋ-ਢਾਈ ਦਰਿਆ ਹੀ ਪੰਜਾਬ ਵਿੱਚ ਵਗਦੇ ਹਨ। ਉਹ ਵੀ ਬੁਰੀ ਤਰ੍ਹਾਂ ਪ੍ਰਦੂਸ਼ਤ ਹੋ ਚੁੱਕੇ ਹਨ। ਇਹ ਦਰਿਆ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਵੀ ਕਾਰਨ ਬਣ ਰਹੇ ਹਨ। ਮੌਲਵੀਵਾਲਾ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨਾਲੋਂ ਕੁਲ ਹਿੰਦ ਕਿਸਾਨ ਸਭਾ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਵੀ ਉਜਾਗਰ ਕੀਤਾ।