ਨਵੀਂ ਦਿੱਲੀ : ਦਿੱਲੀ ਪੁਲਸ ਨੇ ਪੰਜਾਬ ਦੇ 36 ਸਾਲਾ ਏਜੰਟ ਨੂੰ ਗਿ੍ਰਫਤਾਰ ਕੀਤਾ ਹੈ, ਜੋ ‘ਡੰਕੀ ਰੂਟ’ ਰਾਹੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਵਿੱਚ ਸ਼ਾਮਲ ਸੀ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਕਿਹਾ ਕਿ ਏਜੰਟ ਦੀ ਪਛਾਣ ਨਰੇਸ਼ ਕੁਮਾਰ ਵਾਸੀ ਪਿੰਡ ਮਟੌਲੀ (ਪਟਿਆਲਾ) ਵਜੋਂ ਹੋਈ ਹੈ। ਉਸ ਨੂੰ ਅਮਰੀਕਾ ਤੋਂ ਇਕ ਭਾਰਤੀ ਯਾਤਰੀ ਦੇ ਦੇਸ਼ ਨਿਕਾਲੇ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਮੁਤਾਬਕ ਨਰੇਸ਼ ਕੁਮਾਰ ਨੇ ਕਥਿਤ ਤੌਰ ’ਤੇ ਜਾਲ੍ਹੀ ਸ਼ੈਨੇਗਨ ਵੀਜ਼ਾ ਦਾ ਪ੍ਰਬੰਧ ਕਰਨ ਲਈ ਹੋਰ ਏਜੰਟਾਂ ਨਾਲ ਕੰਮ ਕੀਤਾ ਸੀ ਅਤੇ ਬਾਅਦ ਵਿਚ ਜਾਲ੍ਹਸਾਜ਼ੀ ਨੂੰ ਛੁਪਾਉਣ ਲਈ ਯਾਤਰੀ ਦੇ ਪਾਸਪੋਰਟ ਨਾਲ ਛੇੜਛਾੜ ਕੀਤੀ ਸੀ। ਇਹ ਮਾਮਲਾ 4 ਅਤੇ 5 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਉਦੋਂ ਸਾਹਮਣੇ ਆਇਆ, ਜਦੋਂ ਇਕ ਡਿਪੋਰਟੀ ਗੁਰਸਾਹਿਬ ਸਿੰਘ (39) ਅਮਰੀਕਾ ਤੋਂ ਆਈ ਜੀ ਆਈ ਹਵਾਈ ਅੱਡੇ ’ਤੇ ਪਹੁੰਚਿਆ। ਉਸ ਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ ਦੇ ਇੱਕ ਪੰਨੇ ’ਤੇ ਗੂੰਦ ਦੇ ਨਿਸ਼ਾਨ ਦੇਖੇ, ਜੋ ਛੇੜਛਾੜ ਦੇ ਸੰਕੇਤ ਦਿੰਦੇ ਸਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਸਾਹਿਬ ਸਿੰਘ ’ਤੇ ਬਾਅਦ ਵਿੱਚ ਆਈ ਜੀ ਆਈ ਏਅਰਪੋਰਟ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਗਿ੍ਰਫਤਾਰ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ 2024 ਵਿੱਚ ਸਿੰਗਾਪੁਰ ਤੋਂ ਭਾਰਤ ਵਾਪਸ ਆਉਣ ਤੋਂ ਬਾਅਦ ਉਹ ਗੁਰਦੇਵ ਸਿੰਘ ਉਰਫ ‘ਗੁਰੀ’ ਨਾਮਕ ਇੱਕ ਏਜੰਟ ਦੇ ਸੰਪਰਕ ਵਿੱਚ ਆਇਆ, ਜਿਸ ਨੇ ਉਸਨੂੰ 20 ਲੱਖ ਰੁਪਏ ਦੇ ਬਦਲੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ। ਉਸ ਨੇ 17 ਲੱਖ ਰੁਪਏ ਨਕਦ ਅਦਾ ਕੀਤੇ ਅਤੇ ਬਾਕੀ 3 ਲੱਖ ਰੁਪਏ ਇਕ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ, ਜੋ ਕਿ ਨਰੇਸ਼ ਕੁਮਾਰ ਦਾ ਸੀ। ਅਧਿਕਾਰੀ ਨੇ ਕਿਹਾ, ‘ਲੰਮੀ ਪੁੱਛਗਿੱਛ ਦੌਰਾਨ ਨਰੇਸ਼ ਕੁਮਾਰ ਨੇ ਜਾਲ੍ਹਸਾਜ਼ੀ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਭਰਾ ਕਈ ਸਾਲਾਂ ਤੋਂ ਟਰੈਵਲ ਏਜੰਟ ਵਜੋਂ ਕੰਮ ਕਰ ਰਹੇ ਸਨ। ਉਸ ਨੇ ਗੁਰਦੇਵ ਸਿੰਘ ਨਾਲ ਕਮਿਸ਼ਨ ਦੇ ਆਧਾਰ ’ਤੇ ਕੰਮ ਕਰਨ ਦੀ ਗੱਲ ਕਬੂਲ ਕੀਤੀ ਅਤੇ ਯਾਤਰੀ ਤੋਂ 3 ਲੱਖ ਰੁਪਏ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ। ਗੁਰਦੇਵ ਸਿੰਘ ਫਰਾਰ ਹੈ।’




