ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਪ੍ਰਸ਼ਾਸਨ ਵਿੱਚ ਮਜ਼ਬੂਤ ਪ੍ਰਭਾਵ ਰੱਖਣ ਵਾਲੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨਾਲ ਗੱਲਬਾਤ ਕੀਤੀ। ਮੋਦੀ ਨੇ ਐੱਕਸ ’ਤੇ ਕਿਹਾ, ‘ਅਸੀਂ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਇਸ ਸਾਲ ਦੇ ਸ਼ੁਰੂ ਵਿੱਚ ਵਾਸ਼ਿੰਗਟਨ ਡੀ ਸੀ ’ਚ ਸਾਡੀ ਮੀਟਿੰਗ ਦੌਰਾਨ ਅਸੀਂ ਜਿਨ੍ਹਾਂ ਵਿਸ਼ਿਆਂ ਨੂੰ ਰੱਖਿਆ ਸੀ, ਉਹ ਇਸ ਗੱਲਬਾਤ ਦੇ ਮੁੱਖ ਬਿੰਦੂ ਸਨ। ਅਸੀਂ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ ਸਹਿਯੋਗ ਲਈ ਅਥਾਹ ਸੰਭਾਵਨਾਵਾਂ ’ਤੇ ਚਰਚਾ ਕੀਤੀ। ਭਾਰਤ ਇਨ੍ਹਾਂ ਖੇਤਰਾਂ ਵਿੱਚ ਅਮਰੀਕਾ ਨਾਲ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।’
ਸਾਬਕਾ ਚੀਫ ਜਸਟਿਸ ਟੀ ਐੱਸ ਠਾਕੁਰ ਦੀ ਦੁੱਲਟ ਨੂੰ ਨਾਂਹ
ਨਵੀਂ ਦਿੱਲੀ : ਭਾਰਤ ਦੇ ਸਾਬਕਾ ਚੀਫ ਜਸਟਿਸ ਟੀ ਐੱਸ ਠਾਕੁਰ ਨੇ ਭਾਰਤੀ ਖੁਫੀਆ ਏਜੰਸੀ ‘ਰਾਅ’ ਦੇ ਸਾਬਕਾ ਮੁਖੀ ਏ ਐੱਸ ਦੁੱਲਟ ਦੀ ਕਿਤਾਬ ‘ਦੀ ਚੀਫ ਮਨਿਸਟਰ ਐਂਡ ਦੀ ਸਪਾਈ’ ਵਿੱਚ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਸੰਬੰਧੀ ਕੁਝ ਅੰਸ਼ਾਂ ਬਾਰੇ ਪੈਦਾ ਹੋਏ ਸਿਆਸੀ ਵਿਵਾਦ ਦੇ ਹਵਾਲੇ ਨਾਲ ਕਿਤਾਬ ਦੀ ਸ਼ੁੱਕਰਵਾਰ ਨੂੰ ਘੁੰਢ ਚੁਕਾਈ ਲਈ ਰੱਖੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਐਨ ਮੌਕੇ ’ਤੇ ਇਨਕਾਰ ਕਰ ਦਿੱਤਾ। ਫਾਰੂਕ ਅਬਦੁੱਲਾ ਨੇ ਬੁੱਧਵਾਰ ਦੁੱਲਟ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ ਕਿ ਉਨ੍ਹਾ ਧਾਰਾ 370 ਹਟਾਉਣ ਦਾ ਨਿੱਜੀ ਤੌਰ ’ਤੇ ਸਮਰਥਨ ਕੀਤਾ ਸੀ। ਅਬਦੁੱਲਾ ਨੇ ਦੋਸ਼ ਲਗਾਇਆ ਕਿ ਦੁੱਲਟ ਕਿਤਾਬ ਦੇ ਪ੍ਰਚਾਰ ਲਈ ‘ਸਸਤੀ ਸ਼ੋਹਰਤ’ ਦਾ ਸਹਾਰਾ ਲੈ ਰਹੇ ਹਨ।
ਅਮਰੀਕਾ ਦਾ ਯਮਨ ’ਤੇ ਹਮਲਾ, 38 ਮੌਤਾਂ
ਦੁਬਈ : ਯਮਨ ਵਿੱਚ ਹੂਤੀ ਬਾਗੀਆਂ ਦੇ ਕਬਜ਼ੇ ਵਾਲੀ ਰਾਸ ਈਸਾ ਤੇਲ ਬੰਦਰਗਾਹ ਉੱਤੇ ਅਮਰੀਕਾ ਵੱਲੋਂ ਕੀਤੇ ਹਵਾਈ ਹਮਲਿਆਂ ’ਚ 38 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 102 ਜ਼ਖਮੀ ਹੋ ਗਏ। ਹੂਤੀ ਬਾਗੀਆਂ ਦੇ ਨਿਊਜ਼ ਚੈਨਲ ਨੇ ਹਮਲੇ ਤੋਂ ਬਾਅਦ ਦੇ ਹਾਲਾਤ ਦਾ ਗ੍ਰਾਫਿਕ ਫੁਟੇਜ਼ ਪ੍ਰਸਾਰਤ ਕੀਤਾ, ਜਿਸ ਵਿੱਚ ਹਮਲੇ ਵਾਲੀ ਥਾਂ ਲਾਸ਼ਾਂ ਖਿੰਡੀਆਂ ਨਜ਼ਰ ਆ ਰਹੀਆਂ ਹਨ। ਅਮਰੀਕੀ ਫੌਜ ਦੀ ‘ਸੈਂਟਰਲ ਕਮਾਂਡ’ ਨੇ ਕਿਹਾ ਕਿ ਅਮਰੀਕੀ ਫੌਜ ਨੇ ਈਰਾਨ ਹਮਾਇਤੀ ਹੂਤੀ ਅੱਤਵਾਦੀਆਂ ਲਈ ਈਂਧਣ ਦੇ ਇਸ ਸਰੋਤ ਨੂੰ ਖਤਮ ਕਰਨ ਤੇ ਉਨ੍ਹਾਂ ਨੂੰ ਗੈਰਕਾਨੂੰਨੀ ਮਾਲੀਏ ਤੋਂ ਵਿਹੂਣਾ ਕਰਨ ਲਈ ਇਹ ਕਾਰਵਾਈ ਕੀਤੀ।


