ਬੀਜਿੰਗ : ਇੱਥੇ ਸਨਿੱਚਰਵਾਰ 21 ਕਿੱਲੋਮੀਟਰ (13 ਮੀਲ) ਦੀ ਯਿਜ਼ੂਆਂਗ ਹਾਫ ਮੈਰਾਥਨ ਵਿੱਚ ਮਨੁੱਖਾਂ ਦੇ ਨਾਲ ਪਹਿਲੀ ਵਾਰ 21 ਰੋਬੋਟਾਂ ਨੇ ਵੀ ਹਿੱਸਾ ਲਿਆ। ਡਰੋਆਇਡ ਵੀ ਪੀ ਤੇ ਨੋਇਟਿਕਸ ਰੋਬੋਟਿਕਸ ਕੰਪਨੀਆਂ ਦੇ 120 ਸੈਂਟੀਮੀਟਰ (3.9 ਫੁੱਟ) ਤੋਂ ਲੈ ਕੇ 1.8 ਮੀਟਰ (5.9 ਫੁੱਟ) ਤੱਕ ਦੇ ਆਕਾਰ ਵਾਲੇ ਰੋਬੋਟ ਦੌੜੇ। ਰੋਬੋਟ ਮਨੁੱਖਾਂ ਵਾਂਗ ਮੁਸਕਰਾ ਰਹੇ ਸਨ। ਰੋਬੋਟਾਂ ਨੂੰ ਆਸਰਾ ਦੇਣ ਲਈ ਟਰੇਨਰ ਵੀ ਨਾਲ ਚੱਲ ਰਹੇ ਸਨ। ਕੁਝ ਰੋਬੋਟਾਂ ਨੇ ਜੁੱਤੇ ਪਾਏ ਹੋਏ ਸਨ, ਇੱਕ ਨੇ ਮੁੱਕੇਬਾਜ਼ੀ ਵਾਲੇ ਦਸਤਾਨੇ ਤੇ ਇੱਕ ਹੋਰ ਨੇ ਲਾਲ ਰੰਗ ਦਾ ਹੈੱਡਬੈਂਡ ਲਾਇਆ ਹੋਇਆ ਸੀ, ਜਿਸ ’ਤੇ ਲਿਖਿਆ ਹੋਇਆ ਸੀਜਿੱਤਣਾ ਹੀ ਜਿੱਤਣਾ।
ਕੁਝ ਰੋਬੋਟਾਂ ਨੇ ਦੌੜ ਪੂਰੀ ਕੀਤੀ, ਕੁਝ ਸੰਘਰਸ਼ ਕਰਦੇ ਨਜ਼ਰ ਆਏ ਅਤੇ ਇੱਕ ਤਾਂ ਸ਼ੁਰੂਆਤ ਵਿੱਚ ਹੀ ਡਿੱਗ ਪਿਆ ਤੇ ਕੁਝ ਚਿਰ ਲੰਮਾ ਪੈਣ ਤੋਂ ਬਾਅਦ ਉੱਠ ਕੇ ਫਿਰ ਦੌੜਿਆ। ਇੱਕ ਕੁਝ ਮੀਟਰ ਦੂਰ ਜਾ ਕੇ ਰੇਲਿੰਗ ਨਾਲ ਟਕਰਾਅ ਕੇ ਡਿੱਗ ਪਿਆ। ਹਾਲਾਂਕਿ ਰੋਬੋਟ ਪਿਛਲੇ ਸਾਲ ਵੀ ਮੈਰਾਥਨਾਂ ਵਿੱਚ ਦੌੜੇ ਸਨ, ਪਰ ਮਨੁੱਖਾਂ ਨਾਲ ਪਹਿਲੀ ਵਾਰ ਦੌੜੇ।





