ਜਲ੍ਹਿਆਂਵਾਲੇ ਬਾਗ ਦਾ ਸਾਕਾ ਭਾਰਤੀ ਸੁਤੰਤਰਤਾ ਸੰਗਰਾਮ ’ਚ ਇੱਕ ਇਤਿਹਾਸਕ ਮੋੜ ਸੀ : ਡਾ. ਸਵਰਾਜਬੀਰ ਸਿੰਘ

0
150

ਲੁਧਿਆਣਾ (ਰੈਕਟਰ ਕਥੂਰੀਆ,
ਪ੍ਰਦੀਪ ਸ਼ਰਮਾ)
ਭਾਰਤ ਦੇ ਸੁਤੰਤਰਤਾ ਸੰਗਰਾਮ ’ਚ 13 ਅਪ੍ਰੈਲ 1919 ਦਾ ਦਿਨ ਇਤਿਹਾਸ ਵਿੱਚ ਹਮੇਸ਼ਾ ਹੀ ਦਰਜ ਰਹੇਗਾ।ਐਤਵਾਰ ਭਾਰਤੀ ਕਮਿਊਨਿਸਟ ਪਾਰਟੀ ਦੇ ਸ਼ਤਾਬਦੀ ਸਮਾਗਮਾਂ ਦੇ ਹਿੱਸੇ ਵਜੋਂ ਲੁਧਿਆਣਾ ਇਕਾਈ ਵੱਲੋਂ ਜਲ੍ਹਿਆਂਵਾਲਾ ਬਾਗ ਦਾ ਸਾਕਾ, ਸੁਤੰਤਰਤਾ ਸੰਗਰਾਮ ਅਤੇ ਅਜੋਕੇ ਸਮੇਂ ਦੀਆਂ ਚੁਣੌਤੀਆਂ ਵਿਸ਼ੇ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਬੁਲਾਰੇ ਪੰਜਾਬੀ ਟਿ੍ਰਬਿਊਨ ਦੇ ਸਾਬਕਾ ਐਡੀਟਰ, ਉੱਘੇ ਕਵੀ, ਚਿੰਤਕ ਤੇ ਲੇਖਕ ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਬਰਤਾਨਵੀ ਸਰਕਾਰ ਦੁਆਰਾ ਲਿਆਂਦੇ ਗਏ ਰੋਲਟ ਐਕਟ, ਜਿਸ ਤਹਿਤ ਉਹ ਕਿਸੇ ਨੂੰ ਵੀ ਕਿੰਨੇ ਹੀ ਸਮੇਂ ਲਈ ਗਿ੍ਰਫਤਾਰ ਕਰ ਸਕਦੇ ਸਨ, ਦਾ ਸਾਰੇ ਦੇਸ਼ ਵਿੱਚ ਵਿਆਪਕ ਵਿਰੋਧ ਹੋਇਆ ਸੀ। ਇਸੇ ਕੜੀ ਦੇ ਤਹਿਤ ਜਲ੍ਹਿਆਂਵਾਲਾ ਬਾਗ ਅੰਮਿ੍ਰਤਸਰ ’ਚ ਹਜ਼ਾਰਾਂ ਮਰਦ, ਇਸਤਰੀਆਂ ਤੇ ਬੱਚੇ ਸ਼ਾਂਤੀਪੂਰਵਕ ਢੰਗ ਨਾਲ ਇਕੱਠੇ ਹੋਏ। ਇਸ ਇਕੱਠ ਵਿੱਚ ਸਾਰੇ ਫਿਰਕਿਆਂ ਤੋਂ ਲੋਕ ਸ਼ਾਮਿਲ ਸਨ। ਇਸ ਤੋਂ ਬੁਖਲਾ ਕੇ ਜਨਰਲ ਡਾਇਰ ਨੇ ਬਿਨਾਂ ਕਿਸੇ ਨੋਟਿਸ ਦੇ ਨਿਹੱਥੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ 1000 ਤੋਂ ਵੱਧ ਲੋਕਾਂ ਦਾ ਕਤਲੇਆਮ ਕੀਤਾ।ਪਰ ਇਸ ਘਟਨਾ ਨੇ ਫਿਰਕੂ ਸਦਭਾਵਨਾ ਨਾਲ ਅਜ਼ਾਦੀ ਦੀ ਲਹਿਰ ਨੂੰ ਅੱਗੇ ਵਧਾਇਆ। ਜਲ੍ਹਿਆਂਵਾਲੇ ਬਾਗ ਦਾ ਸਾਕਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਇੱਕ ਇਤਿਹਾਸਕ ਮੋੜ ਸੀ। ਨੋਬਲ ਪੁਰਸਕਾਰ ਜੇਤੂ ਰਬਿੰਦਰ ਨਾਥ ਟੈਗੋਰ ਨੇ ਇਸ ਦੇ ਵਿਰੋਧ ਵਿੱਚ ਆਪਣਾ ਖਿਤਾਬ ਵਾਪਸ ਕਰ ਦਿੱਤਾ। ਮਹਾਤਮਾ ਗਾਂਧੀ ਨੇ 1920 ਦੇ ਵਿੱਚ ਨਾਮਿਲਵਰਤਣ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਨੇ ਭਗਤ ਸਿੰਘ ਤੇ ਊਧਮ ਸਿੰਘ ਵਰਗੇ ਮਹਾਨ ਇਨਕਲਾਬੀਆਂ ਨੂੰ ਜਨਮ ਦਿੱਤਾ। ਡਾ. ਸਵਰਾਜਬੀਰ ਸਿੰਘ ਨੇ ਧਰਮ ਨਿਰਪੱਖ ਲੋਕਤੰਤਰ ਨੂੰ ਬਚਾਉਣ ਲਈ ਦਿ੍ਰੜ੍ਹ ਸੰਕਲਪ ਲੈਂਦੇ ਹੋਏ ਨਿਆਂ ਅਤੇ ਬਰਾਬਰੀ ’ਤੇ ਅਧਾਰਤ ਸਮਾਜ ਨੂੰ ਬਣਾਉਣ ਲਈ ਅੱਗੇ ਵਧਣ ਦਾ ਹੋਕਾ ਦਿੱਤਾ।ਉਨ੍ਹਾ ਕਿਹਾ ਕਿਭਾਰਤ ਦੇ ਦੂਰਦਰਸ਼ੀ ਨੇਤਾਵਾਂ ਨੇ ਧਰਮ ਨਿਰਪੱਖ, ਲੋਕਤੰਤਰੀ, ਗਣਰਾਜ ਦੀ ਸਥਾਪਨਾ ਕੀਤੀ। ਇਸ ਸਾਰੀ ਗੱਲ ’ਚ ਕਾਂਗਰਸ ਦੇ ਦੂਰਦਰਸ਼ੀ ਨੇਤਾ ਜਵਾਹਰ ਲਾਲ ਨਹਿਰੂ ਅਤੇ ਕਮਿਊਨਿਸਟ ਪਾਰਟੀ ਤੋਂ ਇਲਾਵਾ ਅਨੇਕਾਂ ਬੁੱਧੀਜੀਵੀਆਂ ਨੇ ਪੂਰੀ ਭੂਮਿਕਾ ਅਦਾ ਕੀਤੀ। ਜਿਸ ਕਰਕੇ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਕਈ ਕਾਨੂੰਨ ਬਣੇ। ਸੰਵਿਧਾਨ ਦੇ ਵਿੱਚ ਸਭ ਨੂੰ ਬੋਲਣ ਦੀ ਅਜ਼ਾਦੀ, ਲੋਕਤੰਤਰਕ ਅਧਿਕਾਰ ਦੇ ਨਾਲ ਨਾਲ ਬਿਨਾਂ ਧਰਮ, ਜਾਤੀ, ਇਲਾਕਾ, ਬੋਲੀ, ਲਿੰਗ ਦੇ ਭੇਦ ਦੇ ਬਰਾਬਰ ਮਾਨਤਾ ਦੇ ਅਧਿਕਾਰ ਦਿੱਤੇ ਗਏ।
ਸੂਬਿਆਂ ਨੂੰ ਅਧਿਕਾਰਾਂ ਦੀ ਸਪਸ਼ਟ ਵਿਆਖਿਆ ਕੀਤੀ ਗਈ ਤੇ ਬਹੁਤ ਸਾਰੇ ਖੇਤਰਾਂ ਵਿਚ ਸਵੈ ਨਿਰਣੇ ਦੇ ਅਧਿਕਾਰ ਦਿੱਤੇ ਗਏ।ਪਰ ਅਜੋਕੇ ਸਮੇਂ ਸੱਤਾ ਵਿੱਚ ਬੈਠੀਆਂ ਸ਼ਕਤੀਆਂ ਅੰਗਰੇਜ਼ੀ ਸਾਮਰਾਜ ਦੀ ਤਰ੍ਹਾਂ ਧਰਮ, ਜਾਤੀ ਤੇ ਬੋਲੀ ਦੇ ਅਧਾਰ ’ਤੇ ਆਪਣੀ ਸੌੜੀ ਵੋਟ ਬੈਂਕ ਦੀ ਰਾਜਨੀਤੀ ਨੂੰ ਸਾਹਮਣੇ ਰੱਖਦੇ ਹੋਏ ਸਮਾਜ ਨੂੰ ਵੰਡਣ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ; ਗੈਰ ਵਿਗਿਆਨਕ ਸੋਚ ਨੂੰ ਵਧਾ ਰਹੀਆਂ ਹਨ, ਹਿੰਸਾ ਨੂੰ ਵਧਾ ਰਹੀਆਂ ਹਨ, ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੀਆਂ ਹਨ, ਇਸਤਰੀਆਂ ਉੱਪਰ ਅੱਤਿਆਚਾਰ ਕਰਨ ਵਾਲਿਆਂ ਦੀ ਰਾਖੀ ਕਰ ਰਹੀਆਂ ਹਨ। ਅਰਥਚਾਰੇ ਵਿੱਚ ਇਕ ਪਾਸੇ ਚੰਦ ਘਰਾਣਿਆਂ ਨੂੰ ਕਾਰਪੋਰੇਟ ਟੈਕਸਾਂ ਅਤੇ ਸੰਪਤੀ ਟੈਕਸ ਵਿੱਚ ਮੋਟੀ ਛੋਟ ਦੇ ਕੇ ਤੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰ ਕੇ ਦੇਸ਼ ਦੀ ਸੰਪਤੀ ਸੌਂਪੀ ਜਾ ਰਹੀ ਹੈ, ਦੂਜੇ ਪਾਸੇ ਆਮ ਲੋਕਾਂ ’ਤੇ ਜੀ ਐਸ ਟੀ ਰਾਹੀਂ ਅਸਿੱਧੇ ਟੈਕਸ ਦਾ ਬੋਝ ਬਹੁਤ ਵਧਾਇਆ ਗਿਆ ਹੈ।ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਅਜੋਕੇ ਸਮੇਂ ਜਿੱਥੇ ਲੋਕਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜ਼ਰੂਰੀ ਹਨ ਉਥੇ ਸਭ ਤੋਂ ਜ਼ਰੂਰੀ ਸਮਾਜਿਕ ਸਦਭਾਵ ਨੂੰ ਬਚਾ ਕੇ ਰੱਖਣਾ ਹੈ।ਇਸ ਸਭ ਲਈ ਵੱਡੇ ਸੰਘਰਸ਼ ਦੀ ਲੋੜ ਹੈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਾਮਰੇਡ ਰਮੇਸ਼ ਰਤਨ, ਸੁਰਿੰਦਰ ਸਿੰਘ ਜਲਾਲਦੀਵਾਲ ਅਤੇ ਕਾਮਰੇਡ ਕੁਲਵੰਤ ਕੌਰ ਨੇ ਕੀਤੀ। ਸ਼ਹਿਰੀ ਸਕੱਤਰ ਕਾਮਰੇਡ ਐਮ ਐਸ ਭਾਟੀਆ ਨੇ ਮੰਚ ਦਾ ਸੰਚਾਲਨ ਕੀਤਾ। ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ।ਪ੍ਰਧਾਨਗੀ ਮੰਡਲ ਵੱਲੋਂ ਸਾਰਿਆਂ ਦਾ ਧੰਨਵਾਦ ਕਾਮਰੇਡ ਰਮੇਸ਼ ਰਤਨ ਨੇ ਕੀਤਾ।