ਬਬੂਤਾ ਸੋਨ ਤਮਗੇ ਤੋਂ ਖੁੰਝਿਆ

0
31

ਲੀਮਾ (ਪੇਰੂ) : ਪੈਰਿਸ ਉਲੰਪੀਅਨ ਅਰਜੁਨ ਬਬੂਤਾ ਨੂੰ ਆਈ ਐੈੱਸ ਐੱਸ ਐੱਫ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਪਿਛਲੇ ਸਾਲ ਪੈਰਿਸ ਖੇਡਾਂ ਵਿੱਚ ਚੌਥੇ ਨੰਬਰ ’ਤੇ ਰਿਹਾ ਬਬੂਤਾ (252.3) ਰੋਮਾਂਚਕ ਮੁਕਾਬਲੇ ’ਚ ਉਲੰਪਿਕ ਚੈਂਪੀਅਨ ਚੀਨ ਦੇ ਸ਼ੈਂਗ ਲਿਹਾਓ (252.4) ਤੋਂ ਮਹਿਜ਼ 0.1 ਨੁਕਤਿਆਂ ਦੇ ਫਰਕ ਨਾਲ ਸੋਨ ਤਮਗਾ ਜਿੱਤਣ ਤੋਂ ਖੁੰਝ ਗਿਆ। ਹੰਗਰੀ ਦੇ ਸ਼ੂਟਰ ਇਸਵਾਨ ਪੈਨੀ, ਜਿਸ ਦੇ ਨਾਂਅ 40 ਤੋਂ ਵੱਧ ਆਈ ਐੱਸ ਐੱਸ ਐੱਫ ਤਮਗੇ ਹਨ, ਨੇ 229.8 ਦੇ ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਦਾ ਹਰਿਦੇ ਹਜ਼ਾਰੀਕਾ 629.3 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹਿ ਕੇ ਫਾਈਨਲ ’ਚ ਪੁੱਜਣ ਤੋਂ ਖੁੰਝ ਗਿਆ ਸੀ।