ਨਵੀਂ ਦਿੱਲੀ : ਡੇਢ ਸਾਲ ਤੱਕ ਗਾਜ਼ਾ ਦੀ ਜੰਗ ਨੂੰ ਕੈਮਰੇ ’ਚ ਕੈਦ ਕਰਨ ਵਾਲੀ 25 ਸਾਲਾ ਫੋਟੋ ਪੱਤਰਕਾਰ ਫਾਤਿਮਾ ਹਸੋਨਾ ਹਵਾਈ ਹਮਲੇ ਵਿੱਚ ਮਾਰੀ ਗਈ। ਫਾਤਿਮਾ ਦੇ ਨਾਲ ਉਸ ਦੇ 10 ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ।
ਗਾਜ਼ਾ ਵਿੱਚ ਲਗਾਤਾਰ ਖਤਰਿਆਂ ਦੇ ਬਾਵਜੂਦ ਫਾਤਿਮਾ ਨੇ ਆਪਣੇ ਕੈਮਰੇ ਵਿੱਚ ਸਭ ਕੁਝ ਰਿਕਾਰਡ ਕੀਤਾ ਅਤੇ ਗਾਜ਼ਾ ਦੀ ਕਹਾਣੀ ਦੁਨੀਆ ਨੂੰ ਦੱਸਣ ਲਈ ਵਚਨਬੱਧ ਰਹੀ। ਫਾਤਿਮਾ ਜਾਣਦੀ ਸੀ ਕਿ ਮੌਤ ਹਮੇਸ਼ਾ ਨੇੜੇ ਹੈ, ਫਿਰ ਵੀ ਉਹ ਗਾਜ਼ਾ ਦੀਆਂ ਤਸਵੀਰਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਤੋਂ ਪਿੱਛੇ ਨਹੀਂ ਹਟੀ।
ਫਾਤਿਮਾ ਨੇ ਇੱਕ ਵਾਰ ਸੋਸ਼ਲ ਮੀਡੀਆ ’ਤੇ ਲਿਖਿਆ ਸੀ, ‘‘ਜੇ ਮੈਂ ਮਰ ਜਾਂਦੀ ਹਾਂ, ਤਾਂ ਮੈਂ ਇੱਕ ਸ਼ਾਨਦਾਰ ਮੌਤ ਚਾਹੁੰਦੀ ਹਾਂ। ਮੈਂ ਸਿਰਫ ਬ੍ਰੇਕਿੰਗ ਨਿਊਜ਼ ਜਾਂ ਇੱਕ ਸਮੂਹ ਵਿੱਚ ਇੱਕ ਨੰਬਰ ਨਹੀਂ ਬਣਨਾ ਚਾਹੁੰਦੀ। ਮੈਂ ਇੱਕ ਅਜਿਹੀ ਮੌਤ ਚਾਹੁੰਦੀ ਹਾਂ ਜੋ ਦੁਨੀਆ ਸੁਣ ਸਕੇ, ਇੱਕ ਅਜਿਹਾ ਪ੍ਰਭਾਵ, ਜੋ ਸਮੇਂ ਅਤੇ ਸਥਾਨ ਦੁਆਰਾ ਦਫਨਾਇਆ ਨਾ ਜਾ ਸਕੇ।’’ ਉਸ ਦੀ ਇੱਛਾ ਦਾ ਬਹੁਤ ਹੀ ਦਰਦਨਾਕ ਪਹਿਲੂ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਉੱਤਰੀ ਗਾਜ਼ਾ ਵਿੱਚ ਉਸ ਦੇ ਘਰ ’ਤੇ ਇਜ਼ਰਾਈਲੀ ਹਵਾਈ ਹਮਲਾ ਹੋਇਆ। ਫਾਤਿਮਾ ਦਾ ਕੁਝ ਦਿਨਾਂ ’ਚ ਵਿਆਹ ਹੋਣ ਵਾਲਾ ਸੀ। ਇਸ ਹਵਾਈ ਹਮਲੇ ’ਚ ਫਾਤਿਮਾ ਅਤੇ ਉਸ ਦੀ ਗਰਭਵਤੀ ਭੈਣ ਸਮੇਤ ਉਸ ਦੇ ਪਰਵਾਰ ਦੇ ਦਸ ਜੀਆਂ ਦੀ ਵੀ ਮੌਤ ਹੋ ਗਈ। ਹਮਲੇ ਦੇ ਬਾਰੇ ਇਜ਼ਰਾਇਲੀ ਫੌਜ ਨੇ ਕਿਹਾ ਕਿ ਇਜ਼ਰਾਈਲੀ ਫੌਜੀਆਂ ਅਤੇ ਨਾਗਰਿਕਾਂ ’ਤੇ ਹਮਲਿਆਂ ’ਚ ਸ਼ਾਮਲ ਹਮਾਸ ਦੇ ਇੱਕ ਮੈਂਬਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਾਤਿਮਾ ਦੀ ਮੌਤ ਤੋਂ 24 ਘੰਟੇ ਪਹਿਲਾਂ ਇੱਕ ਐਲਾਨ ਕੀਤਾ ਗਿਆ ਸੀ ਕਿ ਇਜ਼ਰਾਈਲੀ ਹਮਲੇ ਦੌਰਾਨ ਗਾਜ਼ਾ ਵਿੱਚ ਫਾਤਿਮਾ ਹਸੋਨਾ ਦੇ ਜੀਵਨ ਬਾਰੇ ਇੱਕ ਫਿਲਮ ਦਾ ਕਾਨਸ ਦੇ ਨਾਲ ਇੱਕ ਫਰੈਂਚ ਸੁਤੰਤਰ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕੀਤਾ ਜਾਵੇਗਾ। ਗਾਜ਼ਾ ਉੱਤੇ ਇਜ਼ਰਾਈਲੀ ਹਮਲਿਆਂ ਕਾਰਨ 7 ਅਕਤੂਬਰ 2023 ਤੋਂ ਹੁਣ ਤੱਕ 51,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।





