ਨਿਤੀਸ਼ ਨੇ ਕੁਰਸੀ ਲਈ ਬਾਪੂ ਨੂੰ ਮਾਰਨ ਵਾਲੀ ਵਿਚਾਰਧਾਰਾ ਨਾਲ ਸਾਂਝ ਪਾਈ : ਖੜਗੇ

0
149

ਬਕਸਰ (ਬਿਹਾਰ) : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬਿਹਾਰ ਵਿੱਚ ਸੱਤਾਧਾਰੀ ਜੇ ਡੀ (ਯੂ) ਤੇ ਭਾਜਪਾ ਗੱਠਜੋੜ ਨੂੰ ‘ਮੌਕਾਪ੍ਰਸਤ’ ਕਰਾਰ ਦਿੰਦਿਆਂ ਐਤਵਾਰ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਮਹਿਜ਼ ਕੁਰਸੀ ਲਈ ਪਾਲਾ ਬਦਲਦੇ ਹਨ।
ਬਕਸਰ ਦੇ ਦਲਸਾਗਰ ਸਟੇਡੀਅਮ ਵਿਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵਿਚ ਐੱਨ ਡੀ ਏ ਸਰਕਾਰ ਨੂੰ ਸੱਤਾ ’ਚੋਂ ਬਾਹਰ ਕਰ ਦੇਣ। ਉਨ੍ਹਾ ਕਿਹਾ, ‘‘ਨਿਤੀਸ਼ ਕੁਮਾਰ ਅਤੇ ਭਾਜਪਾ ਵਿਚਕਾਰ ਮੌਕਾਪ੍ਰਸਤਾਨਾ ਗੱਠਜੋੜ ਹੈ। ਇਹ ਸੂਬੇ ਦੇ ਲੋਕਾਂ ਲਈ ਚੰਗਾ ਨਹੀਂ ਹੈ। ਨਿਤੀਸ਼ ਕੁਮਾਰ ਸਿਰਫ ‘ਕੁਰਸੀ’ (ਮੁੱਖ ਮੰਤਰੀ ਦੇ ਅਹੁਦੇ) ਲਈ ਪਾਲਾ ਬਦਲਦੇ ਹਨ। ਜਨਤਾ ਦਲ (ਯੂ) ਦੇ ਮੁਖੀ ਨੇ ਉਸ ਵਿਚਾਰਧਾਰਾ ਨਾਲ ਹੱਥ ਮਿਲਾਇਆ ਹੈ, ਜਿਸ ਨੇ ਮਹਾਤਮਾ ਗਾਂਧੀ ਨੂੰ ਮਾਰਿਆ ਸੀ।’’ ਉਨ੍ਹਾਂ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਹਾਰ ਲਈ 1.25 ਲੱਖ ਕਰੋੜ ਰੁਪਏ ਦੇ ਪੈਕੇਜ ਵਾਲੇ ਵਾਅਦੇ ਦਾ ਕੀ ਬਣਿਆ। ਉਨ੍ਹਾ ਪ੍ਰਧਾਨ ਮੰਤਰੀ ਉੱਤੇ ‘ਝੂਠ ਦੀ ਫੈਕਟਰੀ’ ਚਲਾਉਣ ਦਾ ਦੋਸ਼ ਲਾਇਆ। ਨੈਸ਼ਨਲ ਹੇਰਾਲਡ ਮਾਮਲੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਵਿਰੁੱਧ ਈ ਡੀ ਵੱਲੋਂ ਦਾਇਰ ਕੀਤੀ ਗਈ ਹਾਲੀਆ ਚਾਰਜਸ਼ੀਟ ’ਤੇ ਖੜਗੇ ਨੇ ਕਿਹਾ, ‘‘ਇਹ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹੈ। ਸਾਡੇ ਨੇਤਾ ਡਰਾਏ ਨਹੀਂ ਜਾ ਸਕਦੇ। ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’’
ਕਾਂਗਰਸ ਪ੍ਰਧਾਨ ਨੇ ਇਹ ਵੀ ਦੋਸ਼ ਲਗਾਇਆ ਕਿ ਆਰ ਐੱਸ ਐੱਸ ਅਤੇ ਭਾਜਪਾ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਦੇ ਹੱਕ ਵਿੱਚ ਨਹੀਂ ਹਨ। ਉਹ ਗਰੀਬਾਂ, ਔਰਤਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਵਿਰੁੱਧ ਹਨ।ਉਹ ਸਮਾਜ ਦੀ ਬਿਹਤਰੀ ਲਈ ਨਹੀਂ ਸੋਚ ਸਕਦੇ। ਉਹ ਜਾਤ ਅਤੇ ਧਰਮ ਦੇ ਆਧਾਰ ’ਤੇ ਸਮਾਜ ਨੂੰ ਵੰਡਣ ਵਿੱਚ ਵਿਸ਼ਵਾਸ ਰੱਖਦੇ ਹਨ। ਸੰਸਦ ਵੱਲੋਂ ਪਾਸ ਕੀਤਾ ਗਿਆ ਵਕਫ (ਸੋਧ) ਬਿੱਲ ਭਾਜਪਾ ਅਤੇ ਆਰ ਐੱਸ ਐੱਸ ਦੀ ਭਾਈਚਾਰਿਆਂ ਵਿਚਾਲੇ ਫੁੱਟ ਪਾਉਣ ਦੀ ਸਾਜ਼ਿਸ਼ ਹੈ।