ਢੱਡਰੀਆਂ ਵਾਲੇ ਨੂੰ ਮੁੱਖ ਧਾਰਾ ’ਚ ਆਉਣ ਦਾ ਸੱਦਾ

0
95

ਅੰਮਿ੍ਰਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਦਾ ਦਿੱਤਾ ਹੈ ਕਿ ਸਿੱਖ ਧਰਮ ਦੀ ਪ੍ਰਚਾਰ ਲਹਿਰ ਨੂੰ ਤਿੱਖਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਨਿਹੰਗ ਸਿੰਘ ਦਲ, ਸਿੱਖ ਜਥੇਬੰਦੀਆਂ, ਮਿਸ਼ਨਰੀ ਕਾਲਜ, ਸੰਸਥਾਵਾਂ ਤੇ ਪ੍ਰਚਾਰਕ ਅੱਗੇ ਆਉਣ।
ਸੋਮਵਾਰ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਜਥੇਦਾਰ ਗੜਗੱਜ ਨੇ ਕਿਹਾ ਕਿ ਗੁਰੂ ਸਿਧਾਂਤਾਂ ਅਨੁਸਾਰ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਨਾਲ ਸਿੱਖੀ ਦਾ ਪ੍ਰਚਾਰ-ਪ੍ਰਸਾਰ ਕਰਨਾ ਚਾਹੀਦਾ ਹੈ ਅਤੇ ਪੰਜਾਬ ਅੰਦਰ ਧਰਮ ਪਰਿਵਰਤਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਦੀ ਵੱਡੀ ਲੋੜ ਹੈ। ਉਨ੍ਹਾ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਮੇਤ ਹੋਰ ਸਿੱਖ ਸ਼ਖਸੀਅਤਾਂ, ਜਿਨ੍ਹਾਂ ਦੇ ਮਾਮਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਹੇ ਹਨ, ਨੂੰ ਆਪਣਾ ਪੱਖ ਰੱਖਣ ਲਈ ਵੀ ਸੱਦਾ ਦਿੱਤਾ ਤਾਂ ਜੋ ਇੱਕਜੁੱਟਤਾ ਨਾਲ ਪੰਜਾਬ ਅੰਦਰ ਧਰਮ ਪਰਿਵਰਤਨ ਨੂੰ ਠੱਲ੍ਹਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕੀਤਾ ਜਾ ਸਕੇ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਭਾਈ ਢੱਡਰੀਆਂ ਵਾਲੇ ਤੇ ਹੋਰ ਸਿੱਖ ਸ਼ਖਸੀਅਤਾਂ ਖਾਲਸਾ ਪੰਥ ਦੀ ਮੁੱਖ ਧਾਰਾ ਵਿੱਚ ਆ ਕੇ ਪ੍ਰਚਾਰ-ਪ੍ਰਸਾਰ ਦਾ ਕਾਰਜ ਕਰਨਾ ਚਾਹੁੰਦੀਆਂ ਹਨ ਤਾਂ ਗੁਰੂ ਸਾਹਿਬਾਨ ਦੇ ਫਲਸਫੇ ਤੇ ਸਿਧਾਂਤ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਇਸ ਲਈ ਉਹ ਸਮਰਪਣ ਭਾਵ ਨਾਲ ਗੁਰੂ ਦੇ ਦਰਬਾਰ ਵਿਖੇ ਆਉਣ। ਜਥੇਦਾਰ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਉਨ੍ਹਾਂ ਦੇ ਪਰਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਉੱਪਰ ਬਣਦੀਆਂ ਫਿਲਮਾਂ/ਐਨੀਮੇਸ਼ਨ ਫਿਲਮਾਂ ਦੇ ਮਾਮਲਿਆਂ ਨੂੰ ਲੈ ਕੇ 2 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸਮੂਹ ਸਿੱਖ ਜਥੇਬੰਦੀਆਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ। ਉਨ੍ਹਾ ਕਿਹਾ ਕਿ ਸਿੱਖ ਇਤਿਹਾਸ ਸੰਬੰਧੀ ਫਿਲਮਾਂ ਨੂੰ ਲੈ ਕੇ ਸਿੱਖ ਜਗਤ ਵਿਚ ਅਕਸਰ ਹੀ ਚਿੰਤਾ ਬਣੀ ਰਹਿੰਦੀ ਹੈ ਅਤੇ ਜਦੋਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸਿੱਖ ਕੌਮ ਅੰਦਰ ਰੋਸ ਅਤੇ ਰੋਹ ਦੀ ਭਾਵਨਾ ਪ੍ਰਗਟ ਹੁੰਦੀ ਹੈ।