ਬਿਲਾਸਪੁਰ : ਹਿਮਾਚਲ ’ਚ ਬਿਲਾਸਪੁਰ ਜ਼ਿਲ੍ਹੇ ਦੀ ਪੁਲਸ ਨੇ ਅੱਠ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 15.83 ਗ੍ਰਾਮ ਚਿੱਟਾ (ਹੈਰੋਇਨ) ਅਤੇ 4.48 ਗ੍ਰਾਮ ਚਰਸ ਬਰਾਮਦ ਕੀਤੀ ਹੈ। ਇਨ੍ਹਾਂ ਵਿੱਚ ਪੰਜਾਬ ਦੇ ਦੋ, ਮੰਡੀ ਦੇ ਤਿੰਨ ਅਤੇ ਬਿਲਾਸਪੁਰ ਜ਼ਿਲ੍ਹੇ ਦੇ ਤਿੰਨ ਨੌਜਵਾਨ ਸ਼ਾਮਲ ਹਨ।
ਵਿਸ਼ੇਸ਼ ਟੀਮ ਨੇ ਐਤਵਾਰ ਨੂੰ ਬੱਲੋਹ ਟੋਲ ਪਲਾਜ਼ਾ ਦੇ ਨੇੜੇ ਕੀਰਤਪੁਰ-ਨੇਰ ਚੌਕ ’ਤੇ ਬੈਰੀਕੇਡ ’ਤੇ ਟੈਕਸੀ ਵਿੱਚੋਂ 5.50 ਗ੍ਰਾਮ ਚਿੱਟਾ ਬਰਾਮਦ ਕਰਕੇ ਹਰੀਸ਼ ਕੁਮਾਰ, ਸੁਨੀਲ ਕੁਮਾਰ ਅਤੇ ਚਮਨ ਲਾਲ ਨੂੰ ਗਿ੍ਰਫਤਾਰ ਕੀਤਾ, ਜੋ ਕਿ ਮੰਡੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਬਿਲਾਸਪੁਰ ਪੁਲਸ ਨੇ ਸ਼ਹਿਰ ਦੇ ਡਾਇਰਾ ਸੈਕਟਰ ਵਿੱਚ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦੇ ਨੇੜੇ ਪੈਦਲ ਜਾ ਰਹੇ ਨੌਜਵਾਨ ਅਕਸ਼ੈ ਕੁਮਾਰ ਤੋਂ ਕਥਿਤ ਤੌਰ ’ਤੇ 17 ਮਿਲੀਗ੍ਰਾਮ ਚਿੱਟਾ ਅਤੇ 3.50 ਗ੍ਰਾਮ ਚਰਸ ਬਰਾਮਦ ਕੀਤੀ। ਨਿਹਾਲ ਸੈਕਟਰ ਵਿੱਚ ਇੱਕ ਦੁੱਧ ਚਿਲਿੰਗ ਪਲਾਂਟ ਵਿੱਚ ਨੌਜਵਾਨ ਸ਼ਿਵਮ ਤੋਂ ਕਥਿਤ ਤੌਰ ’ਤੇ 6 ਮਿਲੀਗ੍ਰਾਮ ਚਿੱਟਾ ਅਤੇ 98 ਮਿਲੀਗ੍ਰਾਮ ਹਸ਼ੀਸ਼ ਬਰਾਮਦ ਹੋਈ। ਪੁਲਸ ਨੇ ਢੋਲਰਾ ਗੇਟ ਨੇੜੇ ਪੁਰਾਣੇ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਇੱਕ ਚੈੱਕਪੋਸਟ ’ਤੇ ਕਾਰ ਨੂੰ ਰੋਕ ਕੇ ਤਲਾਸ਼ੀ ਦੌਰਾਨ ਲਗਭਗ 10 ਗ੍ਰਾਮ ਚਿੱਟੇ ਦਾ ਪੈਕੇਟ ਬਰਾਮਦ ਕਰਕੇ ਬਿਲਾਸਪੁਰ ਦੇ ਰਹਿਣ ਵਾਲੇ ਲੋਕੇਸ਼ ਕੁਮਾਰ ਅਤੇ ਪੰਜਾਬ ਦੇ ਸ਼ਿਆਮ ਅਤੇ ਮਿੰਟੂ ਸਿੰਘ ਨੂੰ ਗਿ੍ਰਫਤਾਰ ਕੀਤਾ।




