ਅੰਮਿ੍ਰਤਸਰ : ਇੱਥੇ ਵੱਲਾ ਵਿਖੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਅਧੀਨ ਚੱਲ ਰਹੇ ਮੈਡੀਕਲ ਕਾਲਜ ਵਿੱਚ ਇੱਕ ਵਿਦਿਆਰਥੀ ਨੇ ਐਤਵਾਰ ਰਾਤ ਹੋਸਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਐੱਮ ਬੀ ਬੀ ਐੱਸ ਪਹਿਲੇ ਸਾਲ ਦਾ ਗੁਰਦਾਸਪੁਰ ਜ਼ਿਲ੍ਹੇ ਦਾ ਵਿਦਿਆਰਥੀ ਲੰਘੇ ਦਿਨ ਹੀ ਆਪਣੇ ਘਰ ਤੋਂ ਪਰਤਿਆ ਸੀ। ਜਦੋਂ ਇੱਕ ਵਿਦਿਆਰਥੀ ਨੇ ਸੋਮਵਾਰ ਸਵੇਰੇ ਹੋਸਟਲ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਉਸ ਨੂੰ ਫਾਹਾ ਲਏ ਹੋਏ ਨੂੰ ਦੇਖਿਆ। ਖੁਦਕੁਸ਼ੀ ਦੇ ਕਾਰਨਾਂ ਬਾਰੇ ਫੌਰੀ ਤੌਰ ’ਤੇ ਕੋਈ ਜਾਣਕਾਰੀ ਨਹੀਂ ਮਿਲੀ।
ਸੋਨਾ 200 ਰੁਪਏ ਘੱਟ ਇੱਕ ਲੱਖ
ਨਵੀਂ ਦਿੱਲੀ : ਕਮਜ਼ੋਰ ਡਾਲਰ ਅਤੇ ਅਮਰੀਕਾ-ਚੀਨ ਵਪਾਰ ਯੁੱਧ ਕਾਰਨ ਮੰਗ ’ਤੇ ਅਨਿਸਚਿਤਤਾਵਾਂ ਕਾਰਨ ਸੋਮਵਾਰ ਕੌਮੀ ਰਾਜਧਾਨੀ ਵਿੱਚ ਸੋਨੇ ਦੀਆਂ ਕੀਮਤਾਂ 1650 ਰੁਪਏ ਵਧ ਕੇ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਪਹੁੰਚ ਗਈਆਂ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਸੋਮਵਾਰ 99,800 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਈ। ਸ਼ੁੱਕਰਵਾਰ ਕੀਮਤ 20 ਰੁਪਏ ਡਿੱਗ ਕੇ 98,150 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। 99.5 ਪ੍ਰਤੀਸ਼ਤ ਸ਼ੁੱਧਤਾ ਵਾਲਾ ਸੋਨਾ 1,600 ਰੁਪਏ ਉਛਲ ਕੇ 99,300 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ’ਤੇ ਪਹੁੰਚ ਗਿਆ। 31 ਦਸੰਬਰ ਤੋਂ ਹੁਣ ਤੱਕ ਸੋਨੇ ਦੀਆਂ ਕੀਮਤਾਂ ਪ੍ਰਤੀ 10 ਗ੍ਰਾਮ 20,850 ਰੁਪਏ ਜਾਂ 26.41 ਪ੍ਰਤੀਸ਼ਤ ਵਧੀਆਂ ਹਨ। ਚਾਂਦੀ ਦੀ ਕੀਮਤ ਵੀ 500 ਰੁਪਏ ਵਧ ਕੇ 98,500 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।




