ਅੰਮਿ੍ਰਤਪਾਲ ਦੇ ਦੋ ਹਮਾਇਤੀ ਗਿ੍ਰਫਤਾਰ

0
28

ਚੰਡੀਗੜ੍ਹ : ਜੇਲ੍ਹਬੰਦ ਸਾਂਸਦ ਅੰਮਿ੍ਰਤਪਾਲ ਸਿੰਘ ਦੀ ਕਥਿਤ ਹਮਾਇਤ ਕਰਨ ਵਾਲੇ ਇਕ ਵ੍ਹਟਸਐਪ ਗਰੁੱਪ ਵਿੱਚ ਕਥਿਤ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਹਮਲਾ ਕਰਨ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਪੁਲਸ ਨੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਸੰਬੰਧ ’ਚ ਤਿੰਨ ਮੁਲਜ਼ਮਾਂ ਦੀ ਪਛਾਣ ਲਖਦੀਪ ਸਿੰਘ ਸਰਦਾਰਗੜ੍ਹ, ਬਠਿੰਡਾ; ਬਲਕਾਰ ਸਿੰਘ, ਨਿਊ ਮਾਡਲ ਟਾਊਨ, ਖੰਨਾ ਅਤੇ ਪਵਨਦੀਪ ਸਿੰਘ, ਪਿੰਡ ਖੋਟੇ, ਮੋਗਾ ਵਜੋਂ ਕੀਤੀ ਗਈ ਸੀ। ਤਿੰਨਾਂ ਵਿੱਚੋਂ ਪੁਲਸ ਵੱਲੋਂ ਬਲਕਾਰ ਅਤੇ ਪਵਨਦੀਪ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਮੋਗਾ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਨੇ ਭਾਰਤੀ ਦੰਡਾਵਲੀ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਸੀ।
ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਗਰੁੱਪ ਚੈਟ ਦੇ ਲੀਕ ਹੋਏ ਸਕਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਹੋਇਆ, ਜਿਸ ਨਾਲ ਸੁਰੱਖਿਆ ਏਜੰਸੀਆਂ ਵਿੱਚ ਚਿੰਤਾ ਪੈਦਾ ਹੋ ਗਈ ਤੇ ਉਹ ਹਰਕਤ ਵਿਚ ਆਈਆਂ।
‘ਵਾਰਿਸ ਪੰਜਾਬ ਦੇ ਟੀਮ’ ਨਾਮੀ ਇਸ ਵ੍ਹਟਸਐਪ ਗਰੁੱਪ ਨੂੰ ਦੇਸ਼-ਵਿਰੋਧੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਅਤੇ ਕਥਿਤ ਤੌਰ ’ਤੇ ਇਸ ਵਿੱਚ 600 ਤੋਂ ਵੱਧ ਮੈਂਬਰ ਸ਼ਾਮਲ ਹਨ।