ਸ਼ਕਤੀ ਦੂਬੇ ਸਿਵਲ ਸੇਵਾਵਾਂ ਪ੍ਰੀਖਿਆ ’ਚ ਅੱਵਲ ਰਹੀ, ਟਾਪ ਪੰਜ ’ਚ ਤਿੰਨ ਧੀਆਂ

0
93

ਨਵੀਂ ਦਿੱਲੀ : ਮੰਗਲਵਾਰ ਨਿਕਲੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਸਿਵਲ ਸੇਵਾਵਾਂ ਪ੍ਰੀਖਿਆ-2024 ਦੇ ਨਤੀਜੇ ਵਿੱਚ ਯੂ ਪੀ ਦੇ ਪ੍ਰਯਾਗਰਾਜ ਦੀ ਸ਼ਕਤੀ ਦੂਬੇ ਨੇ ਟਾਪ ਕੀਤਾ ਹੈ। ਦੂਬੇ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਗ੍ਰੈਜੂਏਸ਼ਨ (ਬੈਚਲਰ ਆਫ ਸਾਇੰਸ) ਕੀਤੀ ਸੀ। ਕਮਿਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜਨੀਤੀ ਸ਼ਾਸਤਰ ਅਤੇ ਅੰਤਰਰਾਸ਼ਟਰੀ ਸੰਬੰਧ ਉਸ ਦੇ ਬਦਲਵੇਂ ਵਿਸ਼ੇ ਸਨ।
ਐੱਮ ਐੱਸ ਯੂਨੀਵਰਸਿਟੀ ਆਫ ਬੜੌਦਾ ਤੋਂ ਬੀਕਾਮ ਗ੍ਰੈਜੂਏਟ ਹਰਸ਼ਿਤਾ ਗੋਇਲ ਨੇ ਦੂਜਾ ਰੈਂਕ ਹਾਸਲ ਕੀਤਾ ਹੈ। ਹਰਸ਼ਿਤਾ ਮੂਲ ਰੂਪ ਵਿੱਚ ਹਰਿਆਣਾ ਦੀ ਹੈ, ਪਰ ਕਈ ਸਾਲਾਂ ਤੋਂ ਵਡੋਦਰਾ ਰਹਿ ਰਹੀ ਹੈ, ਕਿਉਕਿ ਪਰਵਾਰ ਉੱਥੇ ਆ ਗਿਆ ਸੀ। ਉਹ ਸੀ ਏ ਹੈ ਅਤੇ ਥੈਲੇਸੀਮੀਆ ਤੇ ਕੈਂਸਰ ਤੋਂ ਪੀੜਤ ਬੱਚਿਆਂ ਲਈ ਅਹਿਮਦਾਬਾਦ ਦੇ ਬੀਲੀਫ ਫਾਊਂਡੇਸ਼ਨ ਨਾਲ ਕੰਮ ਕਰ ਚੁੱਕੀ ਹੈ। ਅਰਚਿਤ ਪਰਾਗ ਡੋਂਗਰੇ, ਜਿਸ ਨੇ ਵੇਲੋਰ ਤੋਂ ਇਲੈਕਟਰੀਕਲ ਅਤੇ ਇਲੈਕਟਰਾਨਿਕਸ ਇੰਜੀਨੀਅਰਿੰਗ ਵਿੱਚ ਬੈਚਲਰ ਆਫ ਟੈਕਨਾਲੋਜੀ (ਬੀ ਟੈੱਕ) ਕੀਤੀ ਹੈ, ਤੀਜਾ ਰੈਂਕ ਹਾਸਲ ਕੀਤਾ ਹੈ। ਉਸ ਦਾ ਬਦਲਵਾਂ ਵਿਸ਼ਾ ਫਿਲਾਸਫੀ ਸੀ। ਗੁਜਰਾਤ ਟੈਕਨਾਲੋਜੀਕਲ ਯੂਨੀਵਰਸਿਟੀ ਅਹਿਮਦਾਬਾਦ ਤੋਂ ਕੰਪਿਊਟਰ ਇੰਜੀਨੀਅਰਿੰਗ ਵਿੱਚ ਬੈਚਲਰ ਆਫ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਮਾਰਗੀ ਚਿਰਾਗ ਸ਼ਾਹ ਨੇ ਚੌਥਾ, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦਿੱਲੀ ਤੋਂ ਕੰਪਿਊਟਰ ਵਿਗਿਆਨ ਵਿੱਚ ਬੈਚਲਰ ਆਫ ਟੈਕਨਾਲੋਜੀ ਕਰਨ ਵਾਲੇ ਆਕਾਸ਼ ਗਰਗ ਨੇ ਪੰਜਵਾਂ ਰੈਂਕ ਹਾਸਲ ਕੀਤਾ। ਜਲੰਧਰ ਦੀ ਆਰੁਸ਼ੀ ਨੇ 184ਵਾਂ ਰੈਂਕ ਹਾਸਲ ਕੀਤਾ। ਉਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈਆਂ ਜਾਂਦੀਆਂ ਕੋਚਿੰਗ ਕਲਾਸਾਂ ਦਾ ਉਸ ਨੂੰ ਫਾਇਦਾ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸਿਦਕ ਸਿੰਘ ਨੇ 157ਵਾਂ ਰੈਂਕ ਹਾਸਲ ਕੀਤਾ। ਸਿਵਲ ਸੇਵਾਵਾਂ ਪ੍ਰੀਖਿਆ ਸਾਲਾਨਾ ਤਿੰਨ ਪੜਾਵਾਂ ਵਿਚ ਲਈ ਜਾਂਦੀ ਹੈਸ਼ੁਰੂਆਤੀ, ਮੁੱਖ ਅਤੇ ਇੰਟਰਵਿਊ। ਭਾਰਤੀ ਪ੍ਰਸ਼ਾਸਨਕ ਸੇਵਾ, ਭਾਰਤੀ ਵਿਦੇਸ਼ ਸੇਵਾ ਅਤੇ ਭਾਰਤੀ ਪੁਲਸ ਸੇਵਾ ਸਮੇਤ ਹੋਰ ਅਧਿਕਾਰੀਆਂ ਦੀ ਚੋਣ ਕਰਨ ਲਈ ਸਿਵਲ ਸੇਵਾਵਾਂ (ਸ਼ੁਰੂਆਤੀ) ਪ੍ਰੀਖਿਆ-2024, ਪਿਛਲੇ ਸਾਲ 16 ਜੂਨ ਨੂੰ ਹੋਈ ਸੀ। ਇਸ ਪ੍ਰੀਖਿਆ ਲਈ ਕੁੱਲ 9,92,599 ਉਮੀਦਵਾਰਾਂ ਨੇ ਅਰਜ਼ੀ ਦਿੱਤੀ ਸੀ, ਜਿਨ੍ਹਾਂ ਵਿੱਚੋਂ 5,83,213 ਉਮੀਦਵਾਰਾਂ ਨੇ ਅਸਲ ਵਿੱਚ ਪ੍ਰੀਖਿਆ ਦਿੱਤੀ ਸੀ। ਕੁੱਲ 14,627 ਉਮੀਦਵਾਰ ਸਤੰਬਰ-2024 ਵਿੱਚ ਆਯੋਜਿਤ ਲਿਖਤੀ (ਮੁੱਖ) ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਯੋਗ ਹੋਏ ਸਨ। ਇਨ੍ਹਾਂ ਵਿੱਚੋਂ 2,845 ਉਮੀਦਵਾਰਾਂ ਨੇ ਸ਼ਖਸੀਅਤ ਟੈਸਟ ਜਾਂ ਇੰਟਰਵਿਊ ਲਈ ਯੋਗਤਾ ਪੂਰੀ ਕੀਤੀ। ਇਨ੍ਹਾਂ ਵਿੱਚੋਂ 1,009 ਉਮੀਦਵਾਰਾਂ (725 ਪੁਰਸ਼ ਅਤੇ 284 ਔਰਤਾਂ) ਨੂੰ ਕਮਿਸ਼ਨ ਨੇ ਵੱਖ-ਵੱਖ ਸੇਵਾਵਾਂ ਵਿਚ ਨਿਯੁਕਤੀ ਲਈ ਸਿਫਾਰਸ਼ ਕੀਤੀ ਹੈ।