ਨਵੀਂ ਦਿੱਲੀ : ਦੋ ਵਾਰ ਉਲੰਪਿਕ ਤਮਗਾ ਜੇਤੂ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਪਾਕਿਸਤਾਨ ਦੇ ਖਿਡਾਰੀ ਅਰਸ਼ਦ ਨਦੀਮ ਨੂੰ ਐੱਨ ਸੀ ਕਲਾਸਿਕ ਵਿੱਚ ਭਾਗ ਲੈਣ ਦਾ ਸੱਦਾ ਦੇਣ ਲਈ ਉਸ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਇਹ ਇਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਨੂੰ ਸੱਦਾ ਸੀ, ਜੋ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਭੇਜਿਆ ਗਿਆ ਸੀ।
ਟੋਕੀਓ ਉਲੰਪਿਕ ਦੇ ਸੋਨ ਤਮਗਾ ਜੇਤੂ ਅਤੇ ਪੈਰਿਸ ਖੇਡਾਂ ਦੇ ਚਾਂਦੀ ਤਮਗਾ ਜੇਤੂ ਸਟਾਰ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਪੋਸਟਾਂ ਵਿਚ ਉਸ ਦੀ ਅਤੇ ਉਸ ਦੇ ਪਰਵਾਰ ਦੀ ਇਮਾਨਦਾਰੀ ’ਤੇ ਸਵਾਲ ਉਠਾਉਂਦੇ ਦੇਖ ਕੇ ਬਹੁਤ ਦੁਖੀ ਹੈ। ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਪਾਕਿਸਤਾਨੀ ਖਿਡਾਰੀ ਨਦੀਮ ਨੂੰ 24 ਮਈ ਨੂੰ ਬੇਂਗਲੁਰੂ ਵਿੱਚ ਹੋਣ ਵਾਲੇ ਪਹਿਲੇ ਨੀਰਜ ਚੋਪੜਾ ਕਲਾਸਿਕ ਲਈ ਸੱਦਾ ਦਿੱਤਾ ਸੀ। ਹਾਲਾਂਕਿ ਨਦੀਮ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸੱਦਾ ਠੁਕਰਾ ਦਿੱਤਾ ਸੀ।
ਚੋਪੜਾ ਨੇ ਸੋਸ਼ਲ ਮੀਡੀਆ ’ਤੇ ਇੱਕ ਲੰਮੀ ਪੋਸਟ ਵਿੱਚ ਲਿਖਿਆ, ‘ਨੀਰਜ ਚੋਪੜਾ ਕਲਾਸਿਕ ਵਿੱਚ ਹਿੱਸਾ ਲੈਣ ਲਈ ਅਰਸ਼ਦ ਨਦੀਮ ਨੂੰ ਮੇਰੇ ਸੱਦੇ ਬਾਰੇ ਬਹੁਤ ਚਰਚਾ ਹੋ ਰਹੀ ਹੈ ਅਤੇ ਇਸ ਵਿੱਚੋਂ ਜ਼ਿਆਦਾਤਰ ਨਫਰਤ ਭਰਿਆ ਅਤੇ ਇਤਰਾਜ਼ਯੋਗ ਹੈ। ਉਨ੍ਹਾ ਮੇਰੇ ਪਰਵਾਰ ਨੂੰ ਵੀ ਨਹੀਂ ਬਖਸ਼ਿਆ। ਮੈਂ ਆਮ ਤੌਰ ’ਤੇ ਜ਼ਿਆਦਾ ਨਹੀਂ ਬੋਲਦਾ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਗਲਤ ਦੇ ਖਿਲਾਫ ਨਹੀਂ ਬੋਲਾਂਗਾ। ਉਹ ਵੀ ਉਦੋਂ, ਜਦੋਂ ਸਾਡੇ ਦੇਸ਼ ਲਈ ਮੇਰੇ ਪਿਆਰ ’ਤੇ ਸਵਾਲ ਉਠਾਏ ਜਾ ਰਹੇ ਹੋਣ ਅਤੇ ਮੇਰੇ ਪਰਵਾਰ ਦੀ ਇੱਜ਼ਤ ਦਾਅ ’ਤੇ ਲੱਗੀ ਹੋਵੇ।’ਚੋਪੜਾ ਨੇ ਕਿਹਾ ਕਿ ਸੱਦਾ ਪੱਤਰ ਸੋਮਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਦੋ ਦਿਨ ਪਹਿਲਾਂ ਭੇਜਿਆ ਗਿਆ ਸੀ, ਜੋ ਕਿ ਇਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਨੂੰ ਸੱਦਾ ਸੀ ਅਤੇ ਇਸ ਤੋਂ ਵੱਧ ਜਾਂ ਘੱਟ ਕੁਝ ਨਹੀਂ। ਨੀਰਜ ਚੋਪੜਾ ਕਲਾਸਿਕ ਦਾ ਉਦੇਸ਼ ਭਾਰਤ ਦੇ ਸਭ ਤੋਂ ਵਧੀਆ ਖਿਡਾਰੀਆਂ ਨੂੰ ਬਾਹਰ ਲਿਆਉਣਾ ਅਤੇ ਸਾਡੇ ਦੇਸ਼ ਵਿੱਚ ਇੱਕ ਵਿਸ਼ਵ ਪੱਧਰੀ ਖੇਡ ਸਮਾਗਮ ਦਾ ਆਯੋਜਨ ਕਰਨਾ ਹੈ। ਇਸ ਦੌਰਾਨ ਚੋਪੜਾ ਨੇ ਪਿਛਲੇ ਸਾਲ ਪੈਰਿਸ ਖੇਡਾਂ ਤੋਂ ਬਾਅਦ ਆਪਣੀ ਮਾਂ ਸਰੋਜ ਦੇ ਬਿਆਨ ’ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਉਸ ਨੇ ਨਦੀਮ ਨੂੰ ਆਪਣੇ ਪੁੱਤਰ ਦੇ ਸਮਾਨ ਦੱਸਿਆ ਸੀ। ਉਸ ਨੇ ਕਿਹਾ, ‘ਮੈਨੂੰ ਇਹ ਵੀ ਸਮਝਣਾ ਮੁਸ਼ਕਲ ਲੱਗਦਾ ਹੈ ਕਿ ਲੋਕ ਕਿਵੇਂ ਰਾਏ ਬਦਲਦੇ ਹਨ। ਜਦੋਂ ਮੇਰੀ ਮਾਂ ਨੇ ਆਪਣੀ ਸਾਦਗੀ ਵਿਚ ਇੱਕ ਸਾਲ ਪਹਿਲਾਂ ਇਕ ਮਾਸੂਮ ਟਿੱਪਣੀ ਕੀਤੀ ਸੀ, ਤਾਂ ਉਸ ਦੇ ਵਿਚਾਰਾਂ ਦੀ ਪ੍ਰਸੰਸਾ ਦਾ ਮੀਂਹ ਵਰ੍ਹਿਆ ਸੀ। ਅੱਜ ਉਹੀ ਲੋਕ ਉਸੇ ਬਿਆਨ ਲਈ ਉਸ ਨੂੰ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਹੀਂ ਹਟੇ।’ ਉਸ ਨੇ ਲਿਖਿਆ, ‘ਪਿਛਲੇ 48 ਘੰਟਿਆਂ ਵਿੱਚ ਜੋ ਕੁਝ ਹੋਇਆ, ਉਸ ਤੋਂ ਬਾਅਦ ਅਰਸ਼ਦ ਦੇ ਐੱਨ ਸੀ ਕਲਾਸਿਕ ਵਿੱਚ ਖੇਡਣ ਦਾ ਕੋਈ ਸਵਾਲ ਹੀ ਨਹੀਂ ਸੀ। ਮੇਰਾ ਦੇਸ਼ ਅਤੇ ਇਸ ਦੇ ਹਿੱਤ ਹਮੇਸ਼ਾ ਪਹਿਲਾਂ ਆਉਂਦੇ ਹਨ। ਮੇਰੀਆਂ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਉਨ੍ਹਾਂ ਲੋਕਾਂ ਨਾਲ ਹਨ, ਜਿਨ੍ਹਾਂ ਆਪਣਿਆਂ ਨੂੰ ਗੁਆ ਦਿੱਤਾ ਹੈ। ਪੂਰੇ ਦੇਸ਼ ਦੇ ਨਾਲ ਮੈਂ ਵੀ ਦੁਖੀ ਅਤੇ ਗੁੱਸੇ ਵਿੱਚ ਹਾਂ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੇਸ਼ ਦੀ ਪ੍ਰਤੀਕਿਰਿਆ ਇੱਕ ਰਾਸ਼ਟਰ ਵਜੋਂ ਸਾਡੀ ਤਾਕਤ ਦਿਖਾਏਗੀ ਅਤੇ ਨਿਆਂ ਹੋਵੇਗਾ।’
ਚੋਪੜਾ ਨੇ ਕਿਹਾ, ‘ਇਸ ਦੌਰਾਨ, ਮੈਂ ਇਹ ਯਕੀਨੀ ਬਣਾਉਣ ਲਈ ਹੋਰ ਵੀ ਸਖਤ ਮਿਹਨਤ ਕਰਾਂਗਾ ਕਿ ਦੁਨੀਆ ਭਾਰਤ ਨੂੰ ਯਾਦ ਰੱਖੇ ਅਤੇ ਸਾਰੇ ਸਹੀ ਕਾਰਨਾਂ ਕਰਕੇ ਇਸ ਨੂੰ ਸਤਿਕਾਰ ਨਾਲ ਵੇਖੇ।’ ਹਰਿਆਣਾ ਦੇ ਅਥਲੀਟ ਨੇ ਕਿਹਾ, ‘ਮੇਰੀ ਇਮਾਨਦਾਰੀ ’ਤੇ ਸਵਾਲ ਉਠਾਉਂਦੇ ਹੋਏ ਦੇਖ ਕੇ ਦੁੱਖ ਹੁੰਦਾ ਹੈ। ਮੈਨੂੰ ਦੁੱਖ ਹੁੰਦਾ ਹੈ ਕਿ ਮੈਨੂੰ ਉਨ੍ਹਾਂ ਲੋਕਾਂ ਨੂੰ ਸਮਝਾਉਣਾ ਪੈ ਰਿਹਾ ਹੈ, ਜੋ ਮੈਨੂੰ ਅਤੇ ਮੇਰੇ ਪਰਵਾਰ ਨੂੰ ਬਿਨਾਂ ਕਿਸੇ ਕਾਰਨ ਦੇ ਨਿਸ਼ਾਨਾ ਬਣਾ ਰਹੇ ਹਨ। ਅਸੀਂ ਸਧਾਰਨ ਲੋਕ ਹਾਂ, ਕਿਰਪਾ ਕਰਕੇ ਸਾਨੂੰ ਕੁਝ ਹੋਰ ਨਾ ਬਣਾਓ। ਮੀਡੀਆ ਦੇ ਕੁਝ ਹਿੱਸਿਆਂ ਨੇ ਮੇਰੇ ਆਲੇ-ਦੁਆਲੇ ਬਹੁਤ ਸਾਰੀਆਂ ਝੂਠੀਆਂ ਕਹਾਣੀਆਂ ਬਣਾਈਆਂ ਹਨ, ਪਰ ਸਿਰਫ਼ ਇਸ ਲਈ, ਕਿਉਂਕਿ ਮੈਂ ਬੋਲਦਾ ਨਹੀਂ ਹਾਂ, ਇਹ ਇਸ ਨੂੰ ਸੱਚ ਨਹੀਂ ਬਣਾਉਂਦਾ।’