ਨਵੀਂ ਦਿੱਲੀ : ਭਾਰਤ ਅਤੇ ਫਰਾਂਸ ਨੇ ਸੋਮਵਾਰ ਭਾਰਤੀ ਜਲ ਸੈਨਾ ਲਈ ਲਗਭਗ 64,000 ਕਰੋੜ ਰੁਪਏ ਦੀ ਲਾਗਤ ਨਾਲ ਰਾਫੇਲ ਲੜਾਕੂ ਜਹਾਜ਼ਾਂ ਦੇ 26 ਨੇਵਲ ਰੂਪਾਂ ਨੂੰ ਖਰੀਦਣ ਲਈ ਅੰਤਰ-ਸਰਕਾਰੀ ਸਮਝੌਤੇ ’ਤੇ ਦਸਤਖਤ ਕੀਤੇ। ਭਾਰਤ ਜਹਾਜ਼ ਵਾਹਕ ਆਈ ਐੱਨ ਐੱਸ ਵਿਕਰਾਂਤ ’ਤੇ ਤਾਇਨਾਤੀ ਲਈ ਫਰਾਂਸੀਸੀ ਕੰਪਨੀ ਦਸੌ ਏਵੀਏਸ਼ਨ ਤੋਂ ਜੈੱਟ ਖਰੀਦ ਰਿਹਾ ਹੈ। ਜੈੱਟਾਂ ਦੀ ਸਪਲਾਈ ਪੰਜ ਸਾਲ ਬਾਅਦ ਸ਼ੁਰੂ ਹੋਵੇਗੀ।
ਇਸੇ ਦੌਰਾਨ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਸਿਪਰੀ) ਵੱਲੋਂ ਸੰਸਾਰ ਮਿਲਟਰੀ ਖਰਚ ਦੇ ਰੁਝਾਨ ਬਾਰੇ ਜਾਰੀ ਰਿਪੋਰਟ-2024 ਵਿੱਚ ਦਰਸਾਇਆ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਮਿਲਟਰੀ ਤਾਕਤ ਵਿਚਾਲੇ ਕਿੰਨਾ ਫਰਕ ਹੈ। ਇਸ ਮੁਤਾਬਕ ਭਾਰਤ ਨੇ ਪਿਛਲੇ ਸਾਲ ਪਾਕਿਸਤਾਨ ਨਾਲੋਂ ਕਰੀਬ ਨੌਂ ਗੁਣਾ ਵੱਧ ਮਿਲਟਰੀ ਖਰਚ ਕੀਤਾ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਚੀਨ ਦਾ ਮਿਲਟਰੀ ਖਰਚਾ ਪਿਛਲੇ ਸਾਲ ਭਾਰਤ, ਜਾਪਾਨ, ਦੱਖਣੀ ਕੋਰੀਆ ਤੇ ਆਸਟ੍ਰੇਲੀਆ ਦੇ ਕੁਲ ਖਰਚ ਨਾਲੋਂ ਵੱਧ ਸੀ। ਰਿਪੋਰਟ ਮੁਤਾਬਕ ਭਾਰਤ ਨੇ 86 ਅਰਬ 10 ਕਰੋੜ ਡਾਲਰ ਖਰਚੇ। ਇਹ ਦੁਨੀਆ ਵਿੱਚ ਪੰਜਵਾਂ ਸਭ ਤੋਂ ਵੱਧ ਖਰਚ ਸੀ। ਪਾਕਿਸਤਾਨ ਨੇ 10 ਅਰਬ 20 ਕਰੋੜ ਡਾਲਰ (29ਵੀਂ ਪੁਜ਼ੀਸ਼ਨ) ਖਰਚੇ। ਇਸ ਦਾ ਮਤਲਬ ਪਾਕਿਸਤਾਨ ਨੇ ਭਾਰਤ ਦੇ ਖਰਚ ਦੇ ਸਿਰਫ 11.84 ਫੀਸਦੀ ਦੇ ਬਰਾਬਰ ਹਥਿਆਰ ਆਦਿ ਖਰੀਦੇ। ਰਿਪੋਰਟ ਮੁਤਾਬਕ ਭਾਰਤ ਦਾ ਮਿਲਟਰੀ ਖਰਚ 2015 ਤੋਂ 42 ਫੀਸਦੀ ਵਧ ਗਿਆ। ਇਸ ਵੇਲੇ ਭਾਰਤ ਦੁਨੀਆ ਦੇ ਸਭ ਤੋਂ ਵੱਧ ਹਥਿਆਰ ਖਰੀਦਣ ਵਾਲਿਆਂ ਵਿੱਚੋਂ ਇੱਕ ਹੈ। ਚੀਨ ਨੇ ਪਿਛਲੇ ਸਾਲ ਰੱਖਿਆ ’ਤੇ 314 ਅਰਬ ਡਾਲਰ ਖਰਚੇ। ਇਹ ਭਾਰਤ (86.10 ਅਰਬ ਡਾਲਰ), ਜਾਪਾਨ (55.30 ਅਰਬ ਡਾਲਰ), ਦੱਖਣੀ ਕੋਰੀਆ (47.6 ਅਰਬ ਡਾਲਰ) ਤੇ ਆਸਟ੍ਰੇਲੀਆ (33.80 ਅਰਬ ਡਾਲਰ), ਜੋ ਕਿ ਕੁਲ-ਮਿਲਾ ਕੇ 222.80 ਅਰਬ ਡਾਲਰ ਬਣਦੇ ਹਨ, ਨਾਲੋਂ ਵੱਧ ਸੀ। ਚੀਨ ਅਮਰੀਕਾ (997 ਅਰਬ ਡਾਲਰ) ਤੋਂ ਬਾਅਦ ਸਭ ਤੋਂ ਵੱਧ ਮਿਲਟਰੀ ਖਰਚ ਕਰਦਾ ਹੈ।





