ਅਣਖੀ ਅਮਰੀਕੀ ਪੱਤਰਕਾਰ ਨੇ ਨੌਕਰੀ ਨੂੰ ਲੱਤ ਮਾਰੀ

0
116

ਨਿਊ ਯਾਰਕ : ਸੀ ਬੀ ਐੱਸ ਟੀ ਵੀ ਚੈਨਲ ’ਤੇ ਚਲਦੇ ‘60 ਮਿਨਟਸ’ ਸ਼ੋਅ ਦੇ ਲੱਖਾਂ ਲੋਕ ਹੈਰਾਨ ਰਹਿ ਗਏ, ਜਦੋਂ ਐਤਵਾਰ ਸ਼ੋਅ ਨਹੀਂ ਚੱਲਿਆ। ਦਰਅਸਲ ਪ੍ਰੋਗਰਾਮ ਪੇਸ਼ ਕਰਨ ਵਾਲੇ ਐਗਜ਼ੈਕਟਿਵ ਪ੍ਰੋਡਿਊਸਰ ਬਿੱਲ ਓਵਨਜ਼ ਨੇ ਇਹ ਕਹਿੰਦਿਆਂ ਕੰਮ ਛੱਡ ਦਿੱਤਾ ਕਿ ਚੈਨਲ ਦੀ ਮਾਲਕ ਕੰਪਨੀ ਪੈਰਾਮਾਊਂਟ ਗਲੋਬਲ ਸੰਪਾਦਕੀ ਆਜ਼ਾਦੀ ਵਿੱਚ ਦਖਲ ਦੇਣ ਲੱਗ ਪਈ ਸੀ। ਉਸ ਦੇ ਅਸਤੀਫੇ ਦੀ ਖਬਰ ਨਾਮਾਨਿਗਾਰ ਸਕੌਟ ਪੇਲੇ ਨੇ ਦਿੱਤੀ। ਉਸ ਨੇ ਕਿਹਾਬਿੱਲ ਨੇ ਮੰਗਲਵਾਰ ਅਸਤੀਫਾ ਦੇ ਦਿੱਤਾ। ਇਹ ਸਾਡੇ ਲਈ ਤੇ ਉਸ ਲਈ ਔਖਾ ਸੀ, ਪਰ ਉਸ ਨੇ ਸਾਡੇ ਲਈ ਤੇ ਤੁਹਾਡੇ ਲਈ ਅਜਿਹਾ ਕੀਤਾ। ਬਿੱਲ ਓਵਨਜ਼, ਜਿਹੜਾ 60 ਮਿਨਟਸ ਸ਼ੋਅ ਦਾ ਪਿਛਲੇ 57 ਸਾਲਾਂ ਦੇ ਇਤਿਹਾਸ ’ਚ ਤੀਜਾ ਐਗਜ਼ੈਕਟਿਵ ਪ੍ਰੋਡਿਊਸਰ ਸੀ ਤੇ ਉਹ 2019 ਤੋਂ ਪ੍ਰੋਗਰਾਮ ਪੇਸ਼ ਕਰ ਰਿਹਾ ਸੀ। ਓਵਨਜ਼ ਨੇ ਕਿਹਾਸਪੱਸ਼ਟ ਹੋ ਗਿਆ ਸੀ ਕਿ ਮੈਨੂੰ ਸ਼ੋਅ ਉਸ ਤਰ੍ਹਾਂ ਨਹੀਂ ਚਲਾਉਣ ਦਿੱਤਾ ਜਾਣਾ, ਜਿਵੇਂ ਮੈਂ ਹਮੇਸ਼ਾ ਚਲਾਉਦਾ ਰਿਹਾ। ਮੈਨੂੰ ਦਰਸ਼ਕਾਂ ਦੀ ਤਸੱਲੀ ਕਰਾਉਣ ਲਈ ਆਜ਼ਾਦ ਫੈਸਲੇ ਨਹੀਂ ਲੈਣ ਦਿੱਤੇ ਜਾਣੇ।
ਪੇਲੇ ਨੇ ਕਿਹਾਅਸੀਂ ਪਿਛਲੇ 57 ਸਾਲ ਜਿਨ੍ਹਾਂ ਵਿਸ਼ਿਆਂ ’ਤੇ ਪ੍ਰੋਗਰਾਮ ਦਿੱਤੇ, ਉਹ ਅਕਸਰ ਵਿਵਾਦਗ੍ਰਸਤ ਹੁੰਦੇ ਸਨ। ਹਾਲ ਹੀ ਵਿੱਚ ਇਜ਼ਰਾਈਲ-ਗਾਜ਼ਾ ਜੰਗ ਤੇ ਟਰੰਪ ਪ੍ਰਸ਼ਾਸਨ ਬਾਰੇ ਸ਼ੋਅ ਕੀਤੇ। ਬਿੱਲ ਨੇ ਹਮੇਸ਼ਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਨਿਰਪੱਖ ਗੱਲ ਕੀਤੀ ਜਾਵੇ ਤੇ ਉਹ ਇਸ ਮਾਮਲੇ ਵਿੱਚ ਬਹੁਤ ਸਖਤ ਸੀ। ਬਿੱਲ ਓਵਨਜ਼ ਨੇ ਉਦੋਂ ਕੰਮ ਛੱਡਿਆ ਹੈ, ਜਦੋਂ ਪੈਰਾਮਾਊਂਟ ਸਕਾਈਡਾਂਸ ਮੀਡੀਆ ਨਾਲ ਰਲਣ ਲਈ ਟਰੰਪ ਸਰਕਾਰ ਦੀ ਮਨਜ਼ੂਰੀ ਮੰਗ ਰਹੀ ਹੈ। ਟਰੰਪ ਪ੍ਰਸ਼ਾਸਨ 60 ਮਿਨਟਸ ਤੋਂ ਖਿਝਿਆ ਹੋਇਆ ਹੈ ਤੇ ਬਿੱਲ ਓਵਨਜ਼ ਦੇ ਜਾਣ ਨਾਲ ਕੰਪਨੀ ਦਾ ਕੰਮ ਸੌਖਾ ਹੋ ਜਾਵੇਗਾ। ਟਰੰਪ ਨੇ ਇਹ ਦੋਸ਼ ਲਾਉਦਿਆਂ 60 ਮਿਨਟਸ ’ਤੇ 20 ਅਰਬ ਡਾਲਰ ਦਾ ਦਾਅਵਾ ਠੋਕ ਦਿੱਤਾ ਸੀ ਕਿ ਉਸ ਨੇ (ਟਰੰਪ ਦਾ ਮੁਕਾਬਲਾ ਕਰਨ ਵਾਲੀ ਡੈਮੋਕਰੇਟ ਉਮੀਦਵਾਰ) ਕਮਲਾ ਹੈਰਿਸ ਦੀ ਇੰਟਰਵਿਊ ਉਸ ਨੂੰ ਲਾਭ ਪਹੁੰਚਾਉਣ ਲਈ ਐਡਿਟ ਕਰਕੇ ਦਿਖਾਈ ਸੀ। ਸੀ ਬੀ ਐੱਸ ਤੇ ਓਵਨਜ਼ ਨੇ ਇਸ ਦਾਅਵੇ ਨੂੰ ਝੁਠਲਾਇਆ ਸੀ।