ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਹਿਲਗਾਮ ਅੱਤਵਾਦੀ ਹਮਲੇ ’ਤੇ ਚਰਚਾ ਕਰਨ ਅਤੇ ਸਮੂਹਕ ਦਿ੍ਰੜ੍ਹਤਾ ਦਾ ਪ੍ਰਦਰਸ਼ਨ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਪਿਛਲੇ ਹਫਤੇ ਹੋਏ ਭਿਆਨਕ ਹਮਲੇ ਦੇ ਮੱਦੇਨਜ਼ਰ ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਅਜਿਹੀ ਹੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚ ਸੀ ਪੀ ਆਈ ਦੇ ਸੰਦੋਸ਼ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਖੜਗੇ ਨੇ ਕਿਹਾ, “ਇਸ ਸਮੇਂ, ਜਦੋਂ ਏਕਤਾ ਅਹਿਮ ਹੈ, ਵਿਰੋਧੀ ਧਿਰ ਦਾ ਮੰਨਣਾ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਦਾ ਇਕ ਵਿਸ਼ੇਸ਼ ਸੈਸ਼ਨ ਜਲਦੀ ਤੋਂ ਜਲਦੀ ਬੁਲਾਇਆ ਜਾਣਾ ਜ਼ਰੂਰੀ ਹੈ।” ਉਨ੍ਹਾ ਕਿਹਾ, “ਇਹ 22 ਅਪ੍ਰੈਲ ਨੂੰ ਪਹਿਲਗਾਮ ਵਿਚ ਮਾਸੂਮ ਨਾਗਰਿਕਾਂ ’ਤੇ ਹੋਏ ਜ਼ਾਲਮ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਸਾਡੇ ਸਮੂਹਕ ਸੰਕਲਪ ਅਤੇ ਇੱਛਾ ਸ਼ਕਤੀ ਦਾ ਇੱਕ ਸ਼ਕਤੀਸ਼ਾਲੀ ਪ੍ਰਦਰਸ਼ਨ ਹੋਵੇਗਾ। ਸਾਨੂੰ ਉਮੀਦ ਹੈ ਕਿ ਸੈਸ਼ਨ ਉਸੇ ਅਨੁਸਾਰ ਬੁਲਾਇਆ ਜਾਵੇਗਾ।’’ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੇ ਸੋਮਵਾਰ ਰਾਜਸਥਾਨ ਵਿੱਚ ਪਾਰਟੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ’ਤੇ ਵਰ੍ਹਦਿਆਂ ਪਹਿਲਗਾਮ ਹਮਲੇ ’ਤੇ ਸਰਬ-ਪਾਰਟੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਅਤੇ ਭਾਜਪਾ ’ਤੇ ਦੇਸ਼ ਵਿੱਚ ਵੰਡ ਪੈਦਾ ਕਰਨ ਦਾ ਦੋਸ਼ ਲਗਾਇਆ ਸੀ। ਖੜਗੇ ਨੇ ਕਿਹਾ ਸੀ, ‘‘ਸੰਕਟ ਦੀ ਇਸ ਘੜੀ ਵਿੱਚ ਹਰ ਕੋਈ ਇਕੱਠੇ ਲੜਨਾ ਚਾਹੁੰਦਾ ਹੈ, ਪਰ ਭਾਜਪਾ ਜ਼ਹਿਰ ਫੈਲਾਉਣਾ ਅਤੇ ਲੋਕਾਂ ਨੂੰ ਵੰਡਣਾ ਚਾਹੁੰਦੀ ਹੈ।’’


