48 ਪਾਰਕ ਤੇ ਬਗੀਚੇ ਸੈਲਾਨੀਆਂ ਲਈ ਬੰਦ

0
124

ਸ੍ਰੀਨਗਰ : ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕਸ਼ਮੀਰ ਵਾਦੀ ਵਿੱਚ 87 ਜਨਤਕ ਪਾਰਕਾਂ ਅਤੇ ਬਾਗਾਂ ਵਿੱਚੋਂ 48 ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈੈ। ਇਸ ਸੂਚੀ ਵਿੱਚ ਹੋਰ ਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਬੰਦ ਕੀਤੇ ਗਏ ਸੈਲਾਨੀ ਸਥਾਨ ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਹਨ ਅਤੇ ਪਿਛਲੇ 10 ਸਾਲਾਂ ਵਿੱਚ ਖੋਲ੍ਹੀਆਂ ਗਈਆਂ ਕੁਝ ਨਵੀਆਂ ਥਾਵਾਂ ਵਿੱਚ ਸ਼ਾਮਲ ਹਨ। ਜਿਨ੍ਹਾਂ ਥਾਵਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ ਗਿਆ ਹੈ, ਉਨ੍ਹਾਂ ’ਚ ਡੂਸ਼ਪੱਥਰੀ, ਕੋਕਰਨਾਗ, ਦੁਕਸਮ, ਸਿੰਥਨ ਟੌਪ, ਅਚਾਬਲ, ਬੰਗਸ ਘਾਟੀ, ਮਾਰਗਨ ਟੌਪ ਅਤੇ ਤੋਸ਼ਾਮੈਦਾਨ ਸ਼ਾਮਲ ਹਨ। ਦੱਖਣੀ ਕਸ਼ਮੀਰ ਦੇ ਕਈ ਮੁਗਲ ਗਾਰਡਨ ਵੀ ਸੈਲਾਨੀਆਂ ਲਈ ਬੰਦ ਕਰ ਦਿੱਤੇ ਗਏ ਹਨ।
ਪਾਕਿਸਤਾਨਣ ਨਾਲ ਗੱਲਾਂ ਕਰਨ ਵਾਲਾ ਮੋਚੀ ਗਿ੍ਰਫਤਾਰ
ਬਠਿੰਡਾ : ਬਠਿੰਡਾ ਕੈਂਟ ਤੋਂ ਇੱਕ ਮੋਚੀ ਸੁਨੀਲ ਕੁਮਾਰ ਨੂੰ ਪਾਕਿਸਤਾਨ ਦੀ ਮਹਿਲਾ ਨਾਲ ਸੰਪਰਕ ਰੱਖਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਬਿਹਾਰ ਦੇ ਸਮਸਤੀਪੁਰ ਦਾ ਸੁਨੀਲ 10 ਸਾਲਾਂ ਤੋਂ ਬੇਅੰਤ ਨਗਰ, ਬਠਿੰਡਾ ਵਿੱਚ ਰਹਿ ਰਿਹਾ ਸੀ ਅਤੇ ਬਠਿੰਡਾ ਛਾਉਣੀ ਵਿੱਚ ਮੋਚੀ ਦਾ ਕੰਮ ਕਰਦਾ ਸੀ। ਫੌਜ ਦੀ ਖੁਫੀਆ ਏਜੰਸੀ ਨੇ ਇੱਕ ਆਪਰੇਸ਼ਨ ਦੌਰਾਨ ਉਸ ਦੇ ਮੋਬਾਈਲ ਦੀ ਜਾਂਚ ਕੀਤੀ, ਜਿਸ ਵਿੱਚ ਪਾਕਿਸਤਾਨ ਦੀ ਇਕ ਔਰਤ ਨਾਲ ਸ਼ੱਕੀ ਵਟਸਐਪ ਚੈਟ ਮਿਲੀ। ਪੁਲਸ ਨੇ ਸੁਨੀਲ ਕੁਮਾਰ ਖਿਲਾਫ ਜਾਸੂਸੀ ਦਾ ਮਾਮਲਾ ਦਰਜ ਕਰ ਲਿਆ ਹੈ।
ਸੀ ਸੀ ਐੱਸ ਦੀ ਅੱਜ ਮੀਟਿੰਗ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਸੁਰੱਖਿਆ ਬਾਰੇ ਕੈਬਨਿਟ ਕਮੇਟੀ (ਸੀ ਸੀ ਐੱਸ) ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ’ਚ ਪਾਕਿਸਤਾਨੀ ਜਹਾਜ਼ਾਂ ਲਈ ਭਾਰਤੀ ਹਵਾਈ ਖੇਤਰ ਨੂੰ ਬੰਦ ਕਰਨ ਬਾਰੇ ਫੈਸਲਾ ਹੋ ਸਕਦਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਸੀ ਸੀ ਐੱਸ ਮੀਟਿੰਗ 23 ਅਪਰੈਲ ਨੂੰ ਹੋਈ ਸੀ, ਜਿਸ ’ਚ ਛੇ ਦਹਾਕੇ ਪੁਰਾਣੀ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ।